ਸੁਨਾਮ : ਪੰਜਾਬੀ ਸਾਹਿਤ ਦੀ ਝੋਲੀ ਨੌਂ ਪੁਸਤਕਾਂ ਪਾਉਣ ਵਾਲੇ ਉੱਘੇ ਲੇਖਕ ਸਵਰਗੀ ਹਰਦੇਵ ਸਿੰਘ ਧਾਲੀਵਾਲ ਰਿਟਾਇਰਡ ਐਸ.ਐਸ.ਪੀ. ਦੀ ਯਾਦ ਵਿੱਚ ਉਨ੍ਹਾਂ ਦੇ ਪਰਿਵਾਰ ਵੱਲੋਂ ਹਰ ਸਾਲ ਪੁਲਿਸ ਵਿਭਾਗ ਵਿੱਚ ਕੰਮ ਕਰਦੇ ਸਾਹਿਤਕਾਰਾਂ ਨੂੰ ਐਵਾਰਡ ਦੇਣ ਦੇ ਕੀਤੇ ਐਲਾਨ ਅਨੁਸਾਰ ਪਹਿਲਾ ਸਵਰਗੀ ਹਰਦੇਵ ਸਿੰਘ ਧਾਲੀਵਾਲ ਯਾਦਗਾਰੀ ਪਹਿਲਾ ਪੁਲਿਸ ਸਾਹਿਤਕਾਰ ਐਵਾਰਡ 2024 ਉੱਘੇ ਸਾਹਿਤਕਾਰ ਡਾਕਟਰ ਮਨਮੋਹਨ ਸਿੰਘ ਸਾਬਕਾ ਆਈ ਪੀ ਐਸ ਨੂੰ ਦਿੱਤਾ ਜਾਵੇਗਾ । ਸਵਰਗੀ ਹਰਦੇਵ ਸਿੰਘ ਧਾਲੀਵਾਲ ਦੀ ਪਹਿਲੀ ਬਰਸੀ 10 ਮਾਰਚ ਨੂੰ ਮਨਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਗੁਰਿੰਦਰਜੀਤ ਸਿੰਘ ਧਾਲੀਵਾਲ, ਕੰਵਰਜੀਤ ਸਿੰਘ ਲੱਕੀ ਧਾਲੀਵਾਲ ਅਤੇ ਡੀ.ਐਸ.ਪੀ. ਸੁਖਵਿੰਦਰ ਸਿੰਘ ਚੌਹਾਨ ਨੇ ਦਿੰਦਿਆਂ ਦੱਸਿਆ ਕਿ ਹਰ ਸਾਲ ਸਵਰਗੀ ਹਰਦੇਵ ਸਿੰਘ ਧਾਲੀਵਾਲ ਦੀ ਬਰਸੀ ਮੋਕੇ 51 ਹਜ਼ਾਰ ਰੁਪਏ ਦੀ ਇਨਾਮ ਰਾਸ਼ੀ ਵਾਲਾ ਐਵਾਰਡ ਵਧੀਆ ਉਸਾਰੂ ਅਤੇ ਸਾਹਿਤ ਰਚਣ ਵਾਲੇ ਪੁਲਿਸ ਮੁਲਾਜਮਾਂ ਨੂੰ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੀ ਪਹਿਲੀ ਬਰਸੀ ਮੌਕੇ ਪਹਿਲੇ ਇਨਾਮ ਲਈ ਡਾਕਟਰ ਮਨਮੋਹਨ ਸਿੰਘ ਸਾਬਕਾ ਆਈ ਪੀ ਐਸ ਦੀ ਚੋਣ ਕੀਤੀ ਗਈ ਹੈ। ਇਸ ਮੌਕੇ ਸਾਬਕਾ ਐਸ ਪੀ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਆਪਣੀ ਨੇਕ ਨੀਅਤ, ਇਮਾਨਦਾਰੀ ਅਤੇ ਅਸੂਲਾਂ ਲਈ ਜਾਣੇ ਜਾਂਦੇ ਉੱਚ ਕੋਟੀ ਦੇ ਵਿਦਵਾਨ ਸਵਰਗੀ ਹਰਦੇਵ ਸਿੰਘ ਧਾਲੀਵਾਲ ਨੇ ਆਪਣੀ ਰਿਟਾਇਰਮੈਂਟ ਤੋਂ ਬਾਅਦ ਪੁਲਿਸ ਨੌਕਰੀ ਦੇ ਤਜਰਬੇ, ਪੰਥ ਦੀ ਚੜ੍ਹਦੀਕਲਾ, ਕਿਸਾਨੀ ਅਤੇ ਕਿਰਤ ਤੋਂ ਲੈ ਕੇ ਅਕਾਲੀ ਦਲ ਦੇ ਇਤਿਹਾਸ ਤੱਕ ਨੌਂ ਕਿਤਾਬਾਂ ਛਪੀਆਂ ਅਤੇ ਸੁਨਾਮ ਸਾਹਿਤ ਸਭਾ ਨਾਲ ਜੋੜਕੇ ਉਹ ਲੱਗਭਗ ਸਾਹਿਤਕ ਸਰਗਰਮੀਆਂ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਸਨ। ਉਨ੍ਹਾਂ ਦੱਸਿਆ ਕਿ ਇਸ ਐਵਾਰਡ ਦਾ ਮਕਸਦ ਜਿੱਥੇ ਪੁਲਿਸ ਕਰਮਚਾਰੀਆਂ ਦੇ ਉਸਾਰੂ ਪੱਖ ਨੂੰ ਸਮਾਜ ਸਾਹਮਣੇ ਲਿਆਉਣਾ ਵੀ ਹੈ ਉੱਥੇ ਹਮੇਸ਼ਾ ਦਬਾਓ ਹੇਠ ਕੰਮ ਕਰਨ ਦੇ ਬਾਵਜੂਦ ਆਪਣੀ ਸਾਹਿਤਕ ਰੁਚੀਆਂ ਨੂੰ ਜਿੰਦਾ ਰੱਖਣ ਵਾਲੇ ਲੇਖਾਂ ਨੂੰ ਉਤਸ਼ਾਹਿਤ ਕਰਨਾ ਵੀ ਹੈ।ਉਨਾ ਦੱਸਿਆ ਕਿ ਸਵਰਗੀ ਹਰਦੇਵ ਸਿੰਘ ਧਾਲੀਵਾਲ ਦੀ ਪਹਿਲੀ ਬਰਸੀ 10 ਮਾਰਚ ਦਿਨ ਐਤਵਾਰ ਨੂੰ ਸਹੀਦ ਊਧਮ ਸਿੰਘ ਧਰਮਸਾਲਾ ਵਿਖੇ ਮਨਾਈ ਜਾਵੇਗੀ।