ਨਵੀਂ ਦਿੱਲੀ: ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਨਕਲੀ ਰੀਮਡੇਸਿਵਿਰ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਗਿਰੋਹ ਦੇ ਨੇਤਾ ਸਣੇ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਗਿਰੋਹ ਉਤਰਾਖੰਡ ਦੇ ਹਰਿਦੁਆਰ, ਰੁੜਕੀ ਅਤੇ ਕੋਟਦਵਾਰ ਵਿਚ ਗੈਰਕਾਨੂੰਨੀ ਫੈਕਟਰੀਆਂ ਵਿਚ ਨਕਲੀ ਰੀਮਡੇਸਿਵਿਰ ਦਾ ਉਤਪਾਦਨ ਕਰਦਾ ਸੀ।
ਪੁਲਿਸ ਨੇ ਦੱਸਿਆ ਕਿ ਇਹ ਲੋਕ ਇੱਕ ਟੀਕਾ 25 ਹਜ਼ਾਰ ਰੁਪਏ ਵਿੱਚ ਵੇਚਦੇ ਸਨ। ਪੁਲਿਸ ਨੇ ਮੁਲਜ਼ਮਾਂ ਕੋਲੋਂ ਰੀਮਡੇਸਿਵਿਰ ਦੇ 196 ਜਾਅਲੀ ਟੀਕੇ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ ਪੁਲਿਸ ਦੇ ਹੱਥ ਤਿੰਨ ਹਜ਼ਾਰ ਖਾਲੀ ਸ਼ੀਸ਼ੀਆਂ ਵੀ ਲੱਗੀਆਂ ਹਨ। ਮੁਲਜ਼ਮਾਂ ਨੇ ਪੁਲਿਸ ਪੁੱਛਗਿੱਛ ਵਿੱਚ ਦੱਸਿਆ ਕਿ ਉਨ੍ਹਾਂ ਨੇ ਹੁਣ ਤੱਕ ਦੋ ਹਜ਼ਾਰ ਤੋਂ ਵੱਧ ਰੀਮਡੇਸਿਵਿਰ ਦੇ ਨਕਲੀ ਟੀਕੇ ਕੋਰੋਨਾ ਦੇ ਮਰੀਜ਼ਾਂ ਨੂੰ ਵੇਚੇ ਸਨ। ਪੁਲਿਸ ਮੁਲਜ਼ਮਾਂ ਕੋਲੋ ਪੁੱਛਗਿੱਛ ਕਰ ਰਹੀ ਹੈ।