ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਵੱਖ ਵੱਖ ਖੇਤਰਾਂ ਵਿੱਚ ਪੈਦਾ ਹੋਈ ਇਜਾਰੇਦਾਰੀ ਨੂੰ ਤੋੜਨ ਲਈ ਮਹਿਲਾ ਸਾਇੰਸਦਾਨਾਂ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ ਹੈ।
ਅੱਜ ਏਥੇ ਕਲਾ ਭਵਨ ਵਿੱਖੇ ‘ਵੋਮੈਨ ਇੰਨ ਸਾਇੰਸ-ਏ ਜਰਨੀ ਐਂਡ ਏ ਸੈਲੀਬਰੇਸ਼ਨ’ ਵਿਸ਼ੇ ’ਤੇ ਵਿਚਾਰ ਚਰਚਾ ਦੌਰਾਨ ਉਨ੍ਹਾਂ ਕਿਹਾ ਕਿ ਹੁਣ ਪੁਰਾਣੇ ਸਮੇਂ ਤੋਂ ਚੱਲੀਆਂ ਆ ਰਹੀਆਂ ਮਿੱਥਾਂ ਨੂੰ ਤੋੜੇ ਜਾਣ ਦੀ ਜ਼ਰੂਰਤ ਹੈ ਅਤੇ ਇਸ ਦੇ ਵਾਸਤੇ ਸਮਾਜ ਦੇ ਸਾਰੇ ਪੀੜਤ ਵਰਗਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਪ੍ਰੋ. ਅਰਵਿੰਦ ਨੇ ਕਿਹਾ ਕਿ ਗਿਆਨ-ਵਿਗਿਆਨ ’ਤੇ ਵੀ ਇੱਕ ਵਰਗ ਦੀ ਇਜਾਰੇਦਾਰੀ ਰਹੀ ਹੈ ਜਿਸ ਕਰਕੇ ਇਹ ਖੇਤਰ ਉਸ ਢੰਗ ਨਾਲ ਪ੍ਰਫੁੱਲਤ ਨਹੀਂ ਕਰ ਸਕਿਆ ਜਿਸ ਢੰਗ ਨਾਲ ਹੋਣਾ ਚਾਹੀਦਾ ਸੀ।
ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਾਰੀ ਅਧਿਐਨ ਕੇਂਦਰ ਵੱਲੋਂ ਫੈਕਲਟੀ ਆਫ ਲਾਈਫ ਸਾਇੰਸਜ਼ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਸਬੰਧ ਵਿੱਚ ਕਰਵਾਈ ਗਈ ਇਸ ਚਰਚਾ ਦੌਰਾਨ ਪ੍ਰੋ. ਅਰਵਿੰਦ ਨੇ ਸਮਾਜਕਿ ਵਿਕਾਸ ਵਿੱਚ ਔਰਤਾਂ ਦੀ ਬਰਾਬਰ ਦੀ ਭੂਮਿਕਾ ਦੀ ਸ਼ਨਾਖਤ ਕਰਦੇ ਹੋਏ ਮਹਿਲਾਵਾਂ ਨੂੰ ਵੱਖ ਵੱਖ ਖੇਤਰਾਂ ਵਿੱਚ ਅੱਗੇ ਆ ਕੇ ਕਮਾਂਡ ਸੰਭਾਲਣ ਦੀ ਅਪੀਲ ਕੀਤੀ ਤਾਂ ਜੋ ਸਮਾਜ ਦਾ ਸਾਵਾਂ ਵਿਕਾਸ ਹੋ ਸਕੇ ਅਤੇ ਇਸ ਉਪਰ ਇੱਕ ਵਰਗ ਦੀ ਪਕੜ ਨੂੰ ਤੋੜਿਆ ਜਾ ਸਕੇ। ਉਨ੍ਹਾਂ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਸਾਰੇ ਵਿਭਾਗਾਂ ਨੂੰ ਇਕੱਠੇ ਹੋ ਕੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਲਈ ਵਧਾਈ ਦਿੱਤੀ।
ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਮਹਿਲਾ ਸਾਇੰਸਦਾਨਾਂ ਨੂੰ ਸਾਇੰਸ ਦੇ ਖੇਤਰ ਵਿੱਚ ਪਾਏ ਗਏ ਯੋਗਦਾਨਾਂ ਲਈ ਸਨਮਾਨਿਤ ਵੀ ਕੀਤਾ ਗਿਆ। ਇਨ੍ਹਾਂ ਵਿੱਚ ਪ੍ਰੋਫੈਸਰ ਮਨਜੀਤ ਕੌਰ ਬੌਟਨੀ, ਪ੍ਰੋਫੈਸਰ ਪ੍ਰਬੀਨ ਸਿੰਗਲ, ਹਿਊਮਨ ਜਨੈਟਿਕ, ਪ੍ਰੋਫੈਸਰ ਅਰੁਣਾ ਭਾਟੀਆ, ਬਾਓਟੈਕਨੋਲੋਜੀ ਐਂਡ ਫੂਡ–ਟੈਕਨੋਲੋਜੀ, ਡਾ. ਰਵਿੰਦਰਪਾਲ ਕੌਰ ਸੰਧੂ, ਜਿਓਲੋਜੀ, ਪ੍ਰੋਫੈਸਰ ਰਾਜ ਮਿੱਤਲ, ਫਿਜਿਕਸ, ਡਾ. ਬਲਵੀਰ ਕੌਰ, ਕੈਮਿਸਟਰੀ ਸ਼ਾਮਿਲ ਹਨ।
ਇਸ ਦੌਰਾਨ ਨਾਰੀ ਅਧਿਐਨ ਕੇਂਦਰ ਅਤੇ ਸ. ਸ਼ੋਭਾ ਸਿੰਘ ਫਾਈਨ ਆਰਟਸ ਵਿਭਾਗ ਵੱਲੋਂ ਸਾਂਝੇ ਤੌਰ ਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਸੰਬੰਧ ਵਿੱਚ ਪੋਸਟਰ ਮੇਕਿੰਗ ਅਤੇ ਸਲੋਗਨ ਰਾਈਟਿੰਗ ਮੁਕਾਬਲੇ ਵੀ ਕਰਵਾਏ ਗਏ। ਇਸ ਵਿੱਚ ਯੂਨੀਵਰਸਿਟੀ ਦੇ ਅਲੱਗ–ਅਲੱਗ ਵਿਭਾਗਾਂ ਅਤੇ ਕੋਨਸਟੀਚੁਐਂਟ ਕਾਲਜਾਂ ਦੇ ਵਿਦਿਆਰਥੀਆਂ ਨੇ ਵਧ ਚੜ੍ਹਕੇ ਭਾਗ ਲਿਆ। ਇਹਨਾਂ ਮੁਕਾਬਲਿਆਂ ਦੇ ਜੇਤੂਆਂ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਡਾ. ਕਵਿਤਾ ਦੋਰਾਏ, ਆਈਸਰ ਮੋਹਾਲੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਨਾਰੀ ਅਧਿਐਨ ਕੇਂਦਰ ਵੱਲੋਂ ਯੂ.ਐਨ.ਓ. ਦੇ ਅੰਤਰਰਾਸ਼ਟਰੀ ਮਹਿਲਾ ਦਿਵਸ 2024 ਦੇ ਵਿਸ਼ੇ ਇਨਵੈਸਮੈਂਟ ਇੰਨ ਵੋਮੈਨ-ਐਕਸੇਲਰੇਟ ਪ੍ਰੋਗਰੈਸ ਦੇ ਆਧਾਰ ਆਧਾਰ ਉੱਪਰ ਲੈਕਚਰਾਂ ਦੀ ਇੱਕ ਲੜੀ ਚਲਾਉਂਦਿਆਂ ਸਰਕਾਰੀ ਪੋਲਟੈਕਨੀਕਲ ਕਾਲਜ, ਪਟਿਆਲਾ ਐਸ.ਕੇ.ਆਰ.ਐਮ. ਕਾਲਜ, ਭਾਗੂ ਮਾਜਰਾ, ਸੰਤ ਕਬੀਰ ਕਾਲਜ ਆਫ ਐਜੂਕੇਸ਼ਨ, ਸ.ਜਸਦੇਵ ਸਿੰਘ ਸੰਧੂ ਕਾਲਜ ਆਫ ਐਜੂਕੇਸ਼ਨ ਕੌਲੀ ਆਦਿ ਵਿਖੇ ਲੈਕਚਰ ਦਿੱਤੇ ਗਏ ਤਾਂ ਜੋ ਵਿਦਿਆਰਥੀਆਂ ਨੂੰ ਔਰਤਾਂ ਵੱਲੋਂ ਸਈਆਂ ਜਾਂਦੀਆਂ ਮੁਸੀਬਤਾਂ ਅਤੇ ਸਰਕਾਰੀ ਉੱਦਮਾ ਬਾਰੇ ਚਾਨਣਾ ਪਾਇਆ ਜਾ ਸਕੇ।