ਸੁਨਾਮ : ਸਿਹਤ ਵਿਭਾਗ ਵਿੱਚ ਸੇਵਾਵਾਂ ਨਿਭਾਅ ਰਹੇ ਕਰਮਚਾਰੀਆਂ ਨੇ ਸ਼ਨਿੱਚਰਵਾਰ ਨੂੰ ਜ਼ਿਲ੍ਹਾ ਸੰਗਰੂਰ ਦੇ ਦੌਰੇ ਦੌਰਾਨ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਵੀਰ ਸਿੰਘ ਨੂੰ ਮੰਗ ਪੱਤਰ ਦੇਕੇ ਮੰਗਾਂ ਤੋਂ ਜਾਣੂੰ ਕਰਵਾਇਆ। ਸਿਹਤ ਵਿਭਾਗ ਦੇ ਮਲਟੀਪਰਪਜ਼ ਕੇਡਰ ਦੀਆਂ ਵੱਖ ਵੱਖ ਮੰਗਾਂ ਦੇ ਯਾਦ ਪੱਤਰ ਦਿੰਦੇ ਹੋਏ ਕਰਮਚਾਰੀਆਂ ਨੇ ਕਿਹਾ ਕਿ ਮੁਲਾਜ਼ਮ ਵਰਗ ਸਰਕਾਰ ਦੇ ਲਾਰਿਆਂ ਤੋਂ ਅੱਕ ਚੁੱਕਿਆ ਹੈ। ਮਲਟੀਪਰਪਜ ਹੈਲਥ ਇੰਪਲਾਈਜ਼ ਮੇਲ ਫੀਮੇਲ ਯੂਨੀਅਨ ਪੰਜਾਬ ਜ਼ਿਲ੍ਹਾ ਇਕਾਈ ਸੰਗਰੂਰ ਦੇ ਸੀਨੀਅਰ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਸਿੱਧੂ ,ਵਿੱਤ ਸਕੱਤਰ ਦਲਜੀਤ ਢਿੱਲੋਂ ,ਦਵਿੰਦਰ ਸਿੰਘ ਸੁਨਾਮ ,ਸਰਦਾਰਾ ਸਿੰਘ ਸਮੇਤ ਹੋਰਨਾਂ ਆਗੂਆਂ ਦੀ ਅਗਵਾਈ ਹੇਠ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਵੀਰ ਸਿੰਘ ਨੂੰ ਦਿੱਤੇ ਮੰਗ ਪੱਤਰ ਵਿੱਚ ਦਰਜ਼ ਮੁੱਖ ਮੰਗਾਂ ਮਲਟੀਪਰਪਜ਼ ਕੇਡਰ ਦਾ ਨਾਂਅ ਬਦਲੀ, ਕੰਟਰੈਕਟ ਦੇ ਮੁਲਾਜ਼ਮਾਂ ਨੂੰ ਰੈਗੂਲਰ ਕਰਨਾ, ਪਿਛਲੇ ਸਮੇਂ ਤੋਂ ਮੁਲਾਜ਼ਮਾਂ ਦੇ ਕੱਟੇ ਭੱਤੇ ਬਹਾਲ ਕਰਨਾ, ਸਾਰੀਆਂ ਕੈਟਾਗਰੀਆ ਦੀਆ ਪਦ ਉਨਤੀਆਂ ਸਮਾਬੱਧ ਕਰਨ ਸਮੇਤ ਹੋਰ ਮੰਗਾਂ ਤੋਂ ਮੰਤਰੀ ਨੂੰ ਯਾਦ ਕਰਵਾਇਆ ਗਿਆ। ਜਥੇਬੰਦੀ ਦੇ ਆਗੂ ਕੁਲਵਿੰਦਰ ਸਿੰਘ ਸਿੱਧੂ ਅਤੇ ਦਲਜੀਤ ਢਿੱਲੋਂ ਨੇ ਦੱਸਿਆ ਕਿ ਸਿਹਤ ਮੰਤਰੀ ਨਾਲ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਗੱਲਬਾਤ ਕੀਤੀ ਗਈ ਹੈ, ਮੰਤਰੀ ਵੱਲੋਂ ਮੰਗਾਂ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੰਤਰੀ ਨੂੰ ਚੇਤੇ ਕਰਵਾਇਆ ਗਿਆ ਕਿ ਜਥੇਬੰਦੀ ਦੇ ਸੂਬਾ ਆਗੂਆਂ ਨਾਲ ਮੰਗਾਂ ਸਬੰਧੀ ਹੋਈ ਮੀਟਿੰਗ ਨੂੰ ਅਮਲੀਜਾਮਾ ਨਹੀਂ ਪਹਿਨਾਇਆ ਗਿਆ ਸਗੋਂ ਲਾਰਿਆਂ ਨਾਲ ਡੰਗ ਟਪਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੋ ਮੀਟਿੰਗਾਂ ਸਮੇਂ ਮੰਨੀਆਂ ਮੰਗਾਂ ਦੇ ਹੱਲ ਦੇ ਪੱਤਰ ਨਹੀ ਕੱਢੇ ਗਏ| ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਨੇ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਲਦੀ ਹੀ ਮੰਗਾਂ ਦਾ ਹੱਲ ਹੋਵੇਗਾ। ਇਸ ਮੌਕੇ ਸਿਹਤ ਮੰਤਰੀ ਦੇ ਨਾਲ ਕੈਬਨਿਟ ਮੰਤਰੀ ਅਮਨ ਅਰੋੜਾ ਵੀ ਹਾਜ਼ਰ ਸਨ। ਇਸ ਮੌਕੇ ਮੁਲਾਜ਼ਮ ਆਗੂ ਕੁਲਦੀਪ ਕੌਹਰੀਆ ,ਹਰਦੀਪ ਸਿੰਘ ,ਜਗਮੇਲ ਸਿੰਘ ਹਾਜ਼ਰ ਸਨ।