ਕੈਬਨਿਟ ਮੰਤਰੀ ਅਮਨ ਅਰੋੜਾ ਡਾਕਟਰ ਮਨਮੋਹਨ ਸਿੰਘ ਨੂੰ ਐਵਾਰਡ ਦਿੰਦੇ ਹੋਏ
ਸੁਨਾਮ : ਸੁਨਾਮ ਸ਼ਹਿਰ ਦੇ ਨਾਮਵਰ ਧਾਲੀਵਾਲ ਪਰਿਵਾਰ ਵੱਲੋਂ ਗੁਰਿੰਦਰਜੀਤ ਸਿੰਘ ਧਾਲੀਵਾਲ ਅਤੇ ਕੰਵਰਜੀਤ ਸਿੰਘ ਲੱਕੀ ਧਾਲੀਵਾਲ ਵੱਲੋਂ ਆਪਣੇ ਪਿਤਾ ਸਵਰਗੀ ਹਰਦੇਵ ਸਿੰਘ ਧਾਲੀਵਾਲ ਰਿਟਾਇਰਡ ਐਸ.ਐਸ.ਪੀ ਅਤੇ ਸਾਹਿਤਕਾਰ ਦੀ ਯਾਦ ਵਿੱਚ ਹਰ ਸਾਲ ਦਿੱਤਾ ਜਾਣ ਵਾਲਾ ਪੁਲਿਸ ਸਾਹਿਤਕਾਰ ਐਵਾਰਡ ਇਸ ਸਾਲ ਪੰਜਾਬੀ ਦੇ ਸਾਹਿਤ ਅਕਾਦਮੀ ਐਵਾਰਡ ਪ੍ਰਾਪਤ ਕਵੀ, ਨਾਵਲਕਾਰ ਅਤੇ ਆਲੋਚਕ ਡਾਕਟਰ ਮਨਮੋਹਨ ਨੂੰ ਦਿੱਤਾ ਗਿਆ। ਉਕਤ ਸਨਮਾਨ ਮਰਹੂਮ ਹਰਦੇਵ ਸਿੰਘ ਧਾਲੀਵਾਲ ਦੀ ਪਹਿਲੀ ਬਰਸੀ ਮੌਕੇ ਹੋਏ ਸਮਾਗਮ ਵਿੱਚ 51,000 ਰੁਪਏ ਦੀ ਰਾਸ਼ੀ ਵਾਲਾ ਇਹ ਐਵਾਰਡ ਲੈਣ ਉਪਰੰਤ ਡਾਕਟਰ ਮਨਮੋਹਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੁਲਿਸ ਦੇ ਨੌਕਰੀ ਦੌਰਾਨ ਹਰ ਰੋਜ਼ ਤੁਹਾਡੇ ਕੋਲ ਨਵੀਆਂ ਚੁਨੌਤੀਆਂ ਹੁੰਦੀਆਂ ਹਨ, ਪਰ ਜੇ ਤੁਸੀਂ ਸਾਹਿਤ ਨਾਲ ਜੁੜੇ ਹੁੰਦੇ ਹੋ ਤਾਂ ਤੁਸੀਂ ਇਹਨਾਂ ਚੁਣੌਤੀਆਂ ਨੂੰ ਬੜੀ ਸੂਖਮਤਾ ਨਾਲ ਸਹਿਜ ਰੂਪ ਵਿੱਚ ਹੱਲ ਕਰਦੇ ਹੋ, ਜਿਸ ਨਾਲ ਮਨੁੱਖੀ ਕਦਰਾਂ ਕੀਮਤਾਂ ਕਾਇਮ ਰਹਿੰਦੀਆਂ ਹਨ। ਡਾਕਟਰ ਮਨਮੋਹਨ ਨੇ ਕਿਹਾ ਉਹਨਾਂ ਪੁਲਿਸ ਦੇ ਵੱਖ ਵੱਖ ਉੱਚ ਅਹੁਦਿਆਂ ਉੱਤੇ ਰਹਿੰਦੇ ਹੋਏ ਵੀ ਹਮੇਸ਼ਾ ਆਮ ਲੋਕਾਂ ਅਤੇ ਸਾਹਿਤ ਨਾਲੋਂ ਸਾਹਿਤ ਨਾਲ ਰਾਬਤਾ ਬਣਾਈ ਰੱਖਿਆ । ਇਸ ਮੌਕੇ ਹਰਦੇਵ ਸਿੰਘ ਧਾਲੀਵਾਲ ਦੇ ਬੇਟੇ ਗੁਰਿੰਦਰਜੀਤ ਸਿੰਘ ਧਾਲੀਵਾਲ, ਕੰਵਰਜੀਤ ਸਿੰਘ ਲੱਕੀ ਧਾਲੀਵਾਲ, ਉਹਨਾਂ ਦੇ ਜਵਾਈ ਸੁਖਵਿੰਦਰ ਸਿੰਘ ਚੌਹਾਨ ਅਤੇ ਰੁਪਿੰਦਰ ਸਿੰਘ ਉੱਪਲ ਦੇ ਨਾਲ ਨਾਲ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ, ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਬੁਢਲਾਡਾ ਹਲਕੇ ਦੇ ਵਿਧਾਇਕ ਪ੍ਰਿੰਸੀਪਲ ਬੁਧਰਾਮ , ਪੰਜਾਬ ਦੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਅਤੇ ਉੱਘੇ ਪੱਤਰਕਾਰ ਬਲਤੇਜ ਸਿੰਘ ਪੰਨੂ ਨੇ ਜਿੱਥੇ ਸਵਰਗੀ ਹਰਦੇਵ ਸਿੰਘ ਧਾਲੀਵਾਲ ਨੂੰ ਸ਼ਰਧਾਂਜਲੀ ਦਿੱਤੀ ਉੱਥੇ ਡਾਕਟਰ ਮਨਮੋਹਨ ਸਿੰਘ ਦੀ ਨੌਕਰੀ ਦੌਰਾਨ ਇਮਾਨਦਾਰੀ ਅਤੇ ਸਾਹਿਤ ਪ੍ਰਤੀ ਦੇਣ ਦੀ ਸ਼ਲਾਘਾ ਕੀਤੀ। ਡਾਕਟਰ ਮਨਮੋਹਨ ਦੀ ਜਾਣ ਪਛਾਣ ਕਰਵਾਉਂਦਿਆਂ ਕੰਵਲਜੀਤ ਸਿੰਘ ਢੀਂਡਸਾ ਨੇ ਕਿਹਾ ਪੁਲਿਸ ਦੇ ਉੱਚ ਅਹੁਦਿਆਂ ਉੱਤੇ ਬਹੁਤ ਘੱਟ ਇਸ ਪੱਧਰ ਦੇ ਸਾਹਿਤਕਾਰ ਹੁੰਦੇ ਹਨ ਅਤੇ ਡਾਕਟਰ ਮਨਮੋਹਨ ਨੇ ਆਪਣੀ ਮਾਂ ਬੋਲੀ ਪੰਜਾਬੀ ਦਾ ਫਖਰ ਨਾਲ ਸਿਰ ਉੱਚਾ ਕੀਤਾ ਹੈ। ਜ਼ਿਕਰਯੋਗ ਹੈ ਕਿ ਸਵਰਗੀ ਧਾਲੀਵਾਲ ਨੇ ਆਪਣੇ ਜੀਵਨ ਕਾਲ ਵਿੱਚ 9 ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਪਾਈਆਂ। ਡਾਕਟਰ ਮਨਮੋਹਨ ਦੀਆਂ ਇੱਕ ਦਰਜਨ ਤੋਂ ਵੱਧ ਕਿਤਾਬਾਂ ਕਵਿਤਾਵਾਂ ਛਪੀਆਂ। ਕਈ ਨਾਵਲ ਅਤੇ ਅਲੋਚਨਾ ਦੀਆਂ ਕਿਤਾਬਾਂ ਚਰਚਾ ਦੇ ਵਿੱਚ ਰਹੀਆਂ ਅਤੇ ਕਈ ਰਾਸ਼ਟਰੀ ਪੱਧਰ ਦੇ ਐਵਾਰਡ ਵੀ ਮਿਲੇ ਹਨ। ਇਸ ਮੌਕੇ ਸਤਗੁਰ ਸਿੰਘ ਨਮੋਲ, ਡਾਕਟਰ ਰੂਪ ਸਿੰਘ ਸ਼ੇਰੋਂ, ਯਾਦਵਿੰਦਰ ਸਿੰਘ ਨਿਰਮਾਣ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਤਵੰਤੇ ਹਾਜਰ ਸਨ।