ਫ਼ਤਹਿਗੜ੍ਹ ਸਾਹਿਬ : ਮੁੱਖ ਮੰਤਰੀ ਪੰਜਾਬ ਸ.ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ਨੂੰ ਸੁਧਾਰਨ ਵਿੱਚ ਦਿਨ ਰਾਤ ਮਿਹਨਤ ਨਾਲ ਕੰਮ ਕਰ ਰਹੀ ਹੈ ਅਤੇ ਨਵੇਂ ਕ੍ਰਾਂਤੀਕਾਰੀ ਕਦਮ ਪੁੱਟੇ ਜਾ ਰਹੇ ਹਨ। ਜਿਸਦੇ ਸਾਰਥਕ ਨਤੀਜੇ ਸਾਡੇ ਸਾਹਮਣੇ ਆਉਣੇ ਸੁਰੂ ਹੋ ਗਏ ਹਨ ਅਤੇ ਸਰਕਾਰੀ ਸਕੂਲਾਂ ਦੀ ਹਾਲਤ ਸੁਧਰ ਰਹੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਮਰਾਟ ਸਕੂਲ ਸਰਹੰਦ ਮੰਡੀ ਵਿਖੇ 07 ਲੱਖ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਕੀਤੇ 07 ਕਮਰਿਆਂ ਦਾ ਉਦਘਾਟਨ ਕਰਨ ਮੌਕੇ ਕੀਤਾ। ਵਿਧਾਇਕ ਰਾਏ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਸਿੱਖਿਆ,ਸਿਹਤ ਤੇ ਪੰਜਾਬ ਦੇ ਸਰਵਪੱਖੀ ਵਿਕਾਸ ਲਈ ਜੋ ਗਰੰਟੀਆਂ ਦਿੱਤੀਆਂ ਸਨ। ਉਨ੍ਹਾਂ ਨੂੰ ਇੱਕ ਇੱਕ ਕਰਕੇ ਪੂਰਾ ਕੀਤਾ ਹੈ ਤੇ ਸੂਬੇ ਦਾ ਵਿਕਾਸ ਹੋ ਰਿਹਾ ਹੈ। ਵਿਧਾਇਕ ਨੇ ਦੱਸਿਆ ਕਿ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਮਰਾਟ ਸਕੂਲ ਸਰਹੰਦ ਮੰਡੀ ਵਿਖੇ ਉੱਪਰਲੀ ਮੰਜਿਲ ਦੇ ਕਮਰੇ ਤਿਆਰ ਨਹੀ ਸਨ, ਜਿਹੜੇ ਕਿ 07 ਲੱਖ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਕਰਕੇ ਸਮਾਰਟ ਰੂਮ ਬਣਾਏ ਗਏ ਹਨ। ਇਸਤੋਂ ਇਲਾਵਾ ਹਲਕੇ ਵਿੱਚ ਵੱਡੀ ਪੱਧਰ ਤੇ ਪਿੰਡਾਂ ਅਤੇ ਸ਼ਹਿਰਾਂ ਦਾ ਵਿਕਾਸ ਚੱਲ ਰਿਹਾ ਹੈ।
ਇਸਦੇ ਨਾਲ ਹੀ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਸਕੂਲ ਆਫ ਐਮੀਨੈਂਸ ਖੋਲੇ ਜਾ ਰਹੇ ਹਨ ਤਾਂ ਜੋਂ ਉਹ ਆਉਣ ਵਾਲੇ ਸਮੇਂ ਵਿੱਚ ਤਕਨੀਕੀ ਤੇ ਮਿਆਰੀ ਸਿੱਖਿਆ ਹਾਸਲ ਕਰਕੇ ਉੱਚੇ ਅਹੁਦਿਆਂ ਤੇ ਬਿਰਾਜਮਾਨ ਹੋ ਸਕਣ। ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸਮਸ਼ੇਰ ਸਿੰਘ, ਕੌਂਸਲਰ ਪਵਨ ਕਾਲੜਾ,ਗੌਰਵ ਅਰੋੜਾ, ਦਵਿੰਦਰ ਕੌਰ, ਯਸ਼ਪਾਲ ਲਾਹੌਰੀਆ, ਸ੍ਰੀ ਸਤੀਸ਼ ਉੱਪਲ, ਰਾਜੇਸ਼ ਸ਼ਰਮਾ, ਬਲਬੀਰ ਸੋਢੀ, ਪ੍ਰਿਤਪਾਲ ਸਿੰਘ ਜੱਸੀ, ਪ੍ਰਿੰਸੀਪਲ ਰਵਿੰਦਰ ਕੁਮਾਰ ਸ਼ਰਮਾ, ਅਸ਼ੀਸ਼ ਅੱਤਰੀ, ਸ੍ਰੀ ਧਰਮਿੰਦਰ ਸਿੰਘ ਉੱਭਾ, ਸਨੀ ਚੋਪੜਾ, ਜਗਰੂਪ ਸਿੰਘ ਨੰਬਰਦਾਰ, ਦਵਿੰਦਰ ਸਿੰਘ ਸਮੇਤ ਹੋਰ ਆਮ ਆਦਮੀ ਪਾਰਟੀ ਦੇ ਆਗੂ ਤੇ ਪਤਵੰਤੇ ਹਾਜ਼ਰ ਸਨ।