ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਵਾਈਸ-ਚਾਂਸਲਰ ਪ੍ਰੋਫ਼ੈਸਰ ਅਰਵਿੰਦ ਦੀ ਸਰਪ੍ਰਸਤੀ ਹੇਠ ਗੁਰਮਤਿ ਸੰਗੀਤ ਚੇਅਰ ਵਲੋਂ ਰਬਾਬੀ ਭਾਈ ਮਰਦਾਨਾ ਸ਼ਾਸਤਰੀ ਸੰਗੀਤ ਸੰਮੇਲਨ ਦੇ ਤੀਸਰੇ ਦਿਨ ਪਦਮਸ਼੍ਰੀ ਉਸਤਾਦ ਸੋਹਣ ਸਿੰਘ ਸਿਮ੍ਰਤੀ ਸਮਾਰੋਹ ਦਾ ਆਯੋਜਨ ਯੂਨੀਵਰਸਿਟੀ ਦੇ ਕਲਾ ਭਵਨ ਵਿਖੇ ਕੀਤਾ ਗਿਆ। ਸ਼ੁਰੂ ਵਿੱਚ ਚੇਅਰ ਦੇ ਇੰਚਾਰਜ ਡਾ. ਅਲੰਕਾਰ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਦੇ ਉਦੇਸ਼ਾਂ ਤਹਿਤ ਗੁਰਮਤਿ ਸੰਗੀਤ ਚੇਅਰ ਦੁਆਰਾ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਦਿੰਦੇ ਹੋਏ ਸਮਾਰੋਹ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ। ਪ੍ਰੋਗਰਾਮ ਦਾ ਆਗ਼ਾਜ਼ ਸੰਗੀਤ ਵਿਭਾਗ ਦੀ ਗੈਸਟ ਫ਼ੈਕਲਟੀ ਸ੍ਰੀਮਤੀ ਮੋਨੀਸ਼ਾ ਬੈਨਰਜੀ ਵਲੋਂ ਉਪ ਸ਼ਾਸਤਰੀ ਸੰਗੀਤ ਦੀਆਂ ਵੱਖ-ਵੱਖ ਸਿਨਫ਼ਾਂ ਦੇ ਗਾਇਨ ਨਾਲ ਹੋਇਆ। ਜਲੰਧਰ ਤੋਂ ਆਏ ਆਲ ਇੰਡੀਆ ਰੇਡੀਓ ਦੇ 'ਏ' ਗ੍ਰੇਡ ਕਲਾਕਾਰ ਸ. ਸੰਦੀਪ ਸਿੰਘ ਵਲੋਂ ਗੁਰਮਤਿ ਸੰਗੀਤ ਦੇ ਤੰਤੀ ਸਾਜ਼ ਦਿਲਰੁਬਾ ਉਪਰ ਰਾਗ ਮਧੂਵੰਤੀ ਵਿਚ ਵਿਲੰਬਿਤ ਅਤੇ ਦਰੁਤ ਗਤ ਵਾਦਨ ਕੀਤਾ ਗਿਆ। ਸਹਿਯੋਗੀ ਕਲਾਕਾਰਾਂ ਵਿਚ ਤਬਲੇ 'ਤੇ ਪੰਜਾਬ ਘਰਾਣੇ ਦੇ ਸ੍ਰੀ ਨਰਿੰਦਰ ਪਾਲ ਸਿੰਘ, ਸ੍ਰੀ ਜੈਦੇਵ ਅਤੇ ਹਾਰਮੋਨੀਅਮ 'ਤੇ ਜਨਾਬ ਅਲੀ ਅਕਬਰ ਸਨ। ਇਸ ਮੌਕੇ ਪਦਮਸ਼੍ਰੀ ਉਸਤਾਦ ਸੋਹਣ ਸਿੰਘ ਸਿਮ੍ਰਤੀ ਐਵਾਰਡ ਉੱਘੀ ਸ਼ਾਸਤਰੀ ਗਾਇਕਾ ਡਾ. ਸ਼ੰਨੋ ਖੁਰਾਣਾ ਨੂੰ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵਲੋਂ ਦਿੱਤਾ ਗਿਆ। ਸੰਗੀਤ ਵਿਭਾਗ ਦੇ ਸਾਬਕਾ ਪ੍ਰਾਧਿਆਪਕ ਡਾ. ਮਨਮੋਹਨ ਸ਼ਰਮਾ ਵਲੋਂ ਵਿਖਿਆਨ ਦਿੱਤਾ ਗਿਆ ਜਿਸ ਵਿੱਚ ਉਹਨਾਂ ਨੇ ਪਦਮਸ਼੍ਰੀ ਉਸਤਾਦ ਸੋਹਣ ਸਿੰਘ ਦੇ ਜੀਵਨ, ਯੋਗਦਾਨ ਅਤੇ ਆਪਣੀਆਂ ਨਿਜੀ ਯਾਦਾਂ ਸਾਂਝੀਆਂ ਕੀਤੀਆਂ। ਇਹ ਆਯੋਜਨ ਗੁਰਮਤਿ ਸੰਗੀਤ ਚੇਅਰ ਵਲੋਂ ਸੰਗੀਤ ਵਿਭਾਗ, ਗੁਰਮਤਿ ਸੰਗੀਤ ਵਿਭਾਗ ਅਤੇ ਗੁਰਮਤਿ ਗਿਆਨ ਆਨਲਾਈਨ ਸਟੱਡੀ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਡਾ. ਨਿਵੇਦਿਤਾ ਸਿੰਘ, ਡਾ. ਪਰਮੀਤ ਕੌਰ, ਲੇਖਕ ਰਿਪਨਜੋਤ ਕੌਰ, ਡਾ. ਪਰਮਜੀਤ ਸਿੰਘ, ਡਾ. ਜਯੋਤੀ ਸ਼ਰਮਾ, ਸ੍ਰੀਮਤੀ ਵਨਿਤਾ, ਦਲੀਪ ਸਿੰਘ ਉਪਲ, ਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਰਣਜੀਤ ਸਿੰਘ, ਜਸਪਾਲ ਸਿੰਘ, ਡਾ. ਹਰਮਿੰਦਰ ਕੌਰ, ਜਸਬੀਰ ਸਿੰਘ ਜਵੱਦੀ ਆਦਿ ਹਾਜ਼ਰ ਸਨ।