ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਨੂੰ ਹੋਰ ਤੇਜ ਕੀਤਾ ਜਾਵੇਗਾ: ਸ਼ੌਕਤ ਅਹਿਮਦ ਪਰੈ
ਪਟਿਆਲਾ : ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੈ ਨੇ ਕਿਹਾ ਹੈ ਕਿ ਜ਼ਿਲ੍ਹੇ ਅੰਦਰ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਨੂੰ ਹੋਰ ਤੇਜ ਕੀਤਾ ਜਾਵੇਗਾ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਨ ਲਈ ਸਕੂਲ ਪੱਧਰ 'ਤੇ ਜਾਗਰੂਕਤਾ ਮੁਹਿੰਮ ਚਲਾਈ ਜਾਵੇ। ਉਨ੍ਹਾਂ ਕਿਹਾ ਕਿ ਇਸ ਲਈ ਅਧਿਆਪਕਾਂ ਦੀ ਭੂਮਿਕਾ ਅਹਿਮ ਹੈ, ਕਿਉਂਕਿ ਵਿਦਿਆਰਥੀ 'ਤੇ ਸਭ ਤੋਂ ਜ਼ਿਆਦਾ ਪ੍ਰਭਾਵ ਅਧਿਆਪਕ ਦੀਆਂ ਗੱਲਾਂ ਦਾ ਹੁੰਦਾ ਹੈ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਤਹਿਤ ਪਟਿਆਲਾ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਲਈ ਸਿਵਲ ਪ੍ਰਸ਼ਾਸਨ ਤੇ ਪੁਲਿਸ ਦੀ ਸਾਂਝੀ ਵਿਉਂਤਬੰਦੀ ਦਾ ਜਾਇਜ਼ਾ ਲਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਜ਼ਿਲ੍ਹੇ ਵਿੱਚ ਖੇਡਾਂ ਤੇ ਖੇਡ ਮੈਦਾਨਾਂ ਵੱਲ ਹੋਰ ਧਿਆਨ ਦੇਣ ਦੇ ਨਾਲ-ਨਾਲ ਨੌਜਵਾਨਾਂ ਨੂੰ ਹੋਰ ਵਾਧੂ ਗਤੀਵਿੱਧੀਆਂ ਨਾਲ ਵੀ ਜੋੜਿਆ ਜਾਵੇਗਾ ਤੇ ਨੌਜਵਾਨਾਂ ਤੇ ਬੱਚਿਆਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਵੀ ਵੱਡੇ ਪੱਧਰ 'ਤੇ ਯਤਨ ਅਰੰਭੇ ਜਾਣਗੇ। ਪਟਿਆਲਾ ਪੁਲਿਸ ਵੱਲੋਂ ਐਸ.ਐਸ.ਪੀ ਵਰੁਣ ਸ਼ਰਮਾ ਦੀ ਅਗਵਾਈ ਹੇਠ ਨਸ਼ਿਆਂ ਦੀ ਸਪਲਾਈ ਲਾਈਨ ਤੋੜਨ ਲਈ ਵਿੱਢੀ ਜੰਗ ਦੀ ਸ਼ਲਾਘਾ ਕਰਦਿਆਂ ਸ਼ੌਕਤ ਅਹਿਮਦ ਪਰੈ ਨੇ ਦੱਸਿਆ ਕਿ 1 ਜਨਵਰੀ 2024 ਤੋਂ ਹੁਣ ਤੱਕ 102 ਕੇਸ ਦਰਜ ਕਰਕੇ 123 ਜਣਿਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ ਤੇ ਨਸ਼ਿਆਂ ਦੀ ਵੱਡੀ ਮਾਤਰਾ ਵਿੱਚ ਬਰਾਮਦਗੀ ਕੀਤੀ ਗਈ ਹੈ।
ਸ਼ੌਕਤ ਅਹਿਮਦ ਪਰੈ ਨੇ ਨਸ਼ਿਆਂ ਦੀ ਲਤ ਦੇ ਸ਼ਿਕਾਰ ਲੋਕਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਪਟਿਆਲਾ ਦੇ ਸਾਕੇਤ ਹਸਪਤਾਲ ਵਿਖੇ 24 ਘੰਟੇ ਕਾਰਜਸ਼ੀਲ 'ਸਹਿਯੋਗੀ ਹੈਲਪਲਾਈਨ 0175-2213385' ਨਾਲ ਸੰਪਰਕ ਕਰਕੇ ਆਪਣੀ ਮਾਨਸਿਕ ਸਿਹਤ ਨੂੰ ਤੰਦਰੁਸਤ ਕਰਨ ਸਮੇਤ ਇਲਾਜ ਨਾਲ ਸਬੰਧਤ ਸਲਾਹ ਮਸ਼ਵਰਾ ਕਰ ਸਕਦੇ ਹਨ। ਮੀਟਿੰਗ 'ਚ ਏ.ਡੀ.ਸੀ. ਮੈਡਮ ਕੰਚਨ, ਐਸ.ਪੀ. ਯੋਗੇਸ਼ ਸ਼ਰਮਾ, ਐਸ.ਡੀ.ਐਮਜ਼ ਅਰਵਿੰਦ ਕੁਮਾਰ, ਤਰਸੇਮ ਚੰਦ, ਮਨਜੀਤ ਕੌਰ, ਰੀਚਾ ਗੋਇਲ ਤੇ ਜ਼ਿਲ੍ਹਾ ਅਟਾਰਨੀ ਦਵਿੰਦਰ ਗੋਇਲ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਸਵਿੰਦਰ ਸਿੰਘ, ਇੰਸਪੈਕਟਰ ਜੈਇੰਦਰ ਸਿੰਘ ਰੰਧਾਵਾ, ਪਰਮਿੰਦਰ ਕੌਰ ਮਨਚੰਦਾ ਸਮੇਤ ਹੋਰ ਅਧਿਕਾਰੀ ਮੌਜੂਦ ਸਨ।