ਪਟਿਆਲਾ : ਪਟਿਆਲਾ ਫਰੈਂਡਜ਼ ਆਫ ਲੱਦਾਖ ਸੰਗਠਨ ਦੇ ਮੈਂਬਰਾਂ ਵੱਲੋਂ ਹਿਮਾਲਿਆ ਨੂੰ ਬਚਾਉਣ ਅਤੇ ਇਸ ਟੀਚੇ ਦੀ ਪ੍ਰਾਪਤੀ ਵਾਸਤੇ 12 ਦਿਨਾਂ ਤੋਂ ਭੁੱਖ ਹੜਤਾਲ ’ਤੇ ਬੈਠੇ ਡਾ. ਸੋਨਮ ਵੰਗਚੁਕ ਦੀ ਹਮਾਇਤ ਵਿਚ ਇਥੇ ਬਾਰਾਂਦਰੀ ਦੇ ਸਾਹਮਣੇ ਸਟੇਟ ਆਫ ਇੰਡੀਆ ਦੇ ਬਾਹਰ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ।
ਪਟਿਆਲਾ ਫਰੈਂਡਜ਼ ਆਫ ਲੱਦਾਖ ਸੰਗਠਨ ਦੇ ਆਗੂ ਨੋਵੀਆ ਰਾਏ, ਅਰਸ਼ਲੀਨ ਆਹਲੂਵਾਲੀਆ, ਸਾਹਿਲ ਕਾਂਸਲ, ਐਡਵੋਕੇਟ ਪ੍ਰਿੰਸ ਸ਼ਰਮਾ, ਰਵੀ ਕੁਲਭੂ਼ਸ਼ਣ, ਸਰਬਜੀਤ ਰਿੰਕੂ ਤੇ ਸੁਰਿੰਦਰ ਕੌਰ ਆਹਲੂਵਾਲੀਆ ਤੇ ਸਾਥੀਆਂ ਨੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਡਾ. ਸੋਨਮ ਵੰਗਚੁਕ ਜੋ ਆਪ ਵਿਦਿਆਨੀ ਹਨ ਤੇ ਹਿਮਾਲਿਆ ਨੂੰ ਬਚਾਉਣ ਲਈ ਪਿਛਲੇ 12 ਦਿਨਾਂ ਤੋਂ ਲਗਾਤਾਰ ਭੁੱਖ ਹੜਤਾਲ ’ਤੇ ਬੈਠੇ ਹਨ। ਉਹਨਾਂ ਕਿਹਾ ਕਿ ਇਹ ਸਮਾਂ ਹੈ ਜਦੋਂ ਸਾਰੇ ਦੇਸ਼ ਵਾਸੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਹਿਮਾਚਲ ਨੂੰ ਬਚਾਉਣ ਵਾਸਤੇ ਅੱਗੇ ਆਈਏ ਤੇ ਰਲ ਮਿਲ ਕੇ ਡਾ. ਵੰਗਚੁਕ ਦਾ ਸਾਥ ਦੇਈਏ।
ਉਹਨਾਂ ਕਿਹਾ ਕਿ ਹਿਮਾਚਲ ਪਰਬੱਤ ਦੀ ਬਦੌਲਤ ਹੀ ਭਾਰਤ ਦੀ ਹੋਂਦ ਹੈ। ਹਿਮਾਚਲ ਤੋਂ ਵਗਦੀਆਂ ਨਦੀਆਂ ਹੀ ਸਾਡੇ ਲਈ ਜਲ ਸਰੋਤ ਤੇ ਸਾਡੇ ਖੇਤਾਂ ਲਈ ਸਿੰਜਾਈ ਦਾ ਸਾਧਨ ਬਣਦੀਆਂ ਹਨ ਤੇ ਸਾਰੇ ਵਾਤਾਵਰਣ ਦੀ ਸੰਭਾਲ ਵਿਚ ਹਿਮਾਚਲ ਪਰਬੱਤ ਦਾ ਅਹਿਮ ਯੋਗਦਾਨ ਹੈ। ਉਹਨਾਂ ਕਿਹਾ ਕਿ ਜੇਕਰ ਹਿਮਾਲਿਆ ਹੀ ਨਾ ਰਿਹਾ ਤਾਂ ਫਿਰ ਭਾਰਤ ਦੀ ਹੋਂਦ ਵੀ ਖ਼ਤਰੇ ਵਿਚ ਪੈ ਜਾਵੇਗੀ। ਇਸ ਲਈ ਇਹ ਸਮਾਂ ਸਾਨੂੰ ਸਭ ਨੂੰ ਇਕਜੁੱਟ ਹੋ ਕੇ ਆਪਣੇ ਦੇਸ਼ ਦੀ ਤੇ ਹਿਮਾਲਿਆ ਦੀ ਰਾਖੀ ਵਾਸਤੇ ਅੱਗੇ ਆ ਕੇ ਸੰਘਰਸ਼ ਕਰਨ ਦਾ ਹੈ। ਉਹਨਾਂ ਕਿਹਾ ਕਿ ਜੇਕਰ ਅਸੀਂ ਇਹ ਸੰਘਰਸ਼ ਲੜਾਂਗੇ ਤਾਂ ਹੀ ਸਾਡੀਆਂ ਭਵਿੱਖੀ ਪੀੜੀਆਂ ਇਸ ਦੇਸ਼ ਵਿਚ ਸਾਫ ਸੁਥਰੇ ਵਾਤਾਵਰਣ ਵਿਚ ਸਾਹ ਲੈ ਸਕਣਗੀਆਂ। ਇਸ ਮੌਕੇ ਕਾਰਕੁੰਨਾਂ ਨੇ ਡਾ. ਸੋਨਮ ਵੰਗਚੁਕ ਦੇ ਹੱਕ ਵਿਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ।