ਪਟਿਆਲਾ : ਜ਼ਿਲ੍ਹਾ ਚੋਣ ਅਫ਼ਸਰ ਪਟਿਆਲਾ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ ਨਿਰਦੇਸ਼ ’ਤੇ ਜ਼ਿਲ੍ਹੇ ਵਿਚ ਵੋਟ ਪ੍ਰਤੀਸ਼ਤ ਵਧਾਉਣ ਅਤੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਸਵੀਪ ਟੀਮ ਵੱਲੋਂ ਵੋਟਰ ਜਾਗਰੂਕਤਾ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਗਈ ਹਨ। ਅੱਜ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਸਵਿੰਦਰ ਰੇਖੀ ਵੱਲੋਂ ਪਿੰਡ ਸੂਲਰ ਵਿਖੇ ਸਰਕਾਰੀ ਮਹਿੰਦਰਾ ਕਾਲਜ ਵੱਲੋਂ ਲਗਾਏ ਜਾ ਰਹੇ ਐਨ.ਐਸ ਐਸ ਸੱਤ ਰੋਜ਼ਾ ਕੈਂਪ ਮੌਕੇ ਵਿਦਿਆਰਥੀ ਵਲੰਟੀਅਰਾਂ ਨੂੰ ਅਗਾਮੀ ਲੋਕ ਸਭਾ ਚੋਣਾਂ ਵਿਚ ਵਲੰਟੀਅਰ ਵਜੋਂ ਸੇਵਾਵਾਂ ਲਈ, ਆਪੋ ਆਪਣੇ ਗੁਆਂਢ ਵਿਚ ਲੋਕਾਂ ਨੂੰ ਘਰੋਂ ਘਰੀਂ ਜਾ ਕੇ ਵੋਟ ਪਾਉਣ ਲਈ ਪ੍ਰੇਰਿਤ ਕਰਨ ਅਤੇ ਆਨਲਾਈਨ ਵਿਧੀ ਰਾਹੀ ਵੋਟਰ ਰਜਿਸਟਰੇਸ਼ਨ ਵਿਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਚੋਣ ਕਮਿਸ਼ਨ ਦੀਆਂ ਚੱਲ ਰਹੀਆਂ ਆਨ- ਲਾਇਨ ਐਪਸ- ਸੀ ਵੀਜ਼ਿਲ ਐਪ, ਆਪਣੇ ਉਮੀਦਵਾਰ ਨੂੰ ਜਾਣੋ, ਸਕਸ਼ਮ ਐਪ ਅਤੇ ਵੋਟਰ ਹੈਲਪਲਾਈਨ ਐਪਸ ਬਾਰੇ ਵੀ ਵਲੰਟੀਅਰਾਂ ਨੂੰ ਜਾਗਰੂਕ ਕੀਤਾ ਗਿਆ। ਜ਼ਿਲ੍ਹਾ ਸਵੀਪ ਟੀਮ ਵੱਲੋਂ ਸਰਕਾਰੀ ਹਾਈ ਸਕੂਲ ਡਰੋਲੀ ਵਿਖੇ ਜਾ ਕੇ ਚੋਣ ਸਾਖਰਤਾ ਕਲੱਬ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ ਤੇ ਲੋਕ ਸਭਾ ਵੋਟਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕ ਸਕੂਲ ਦੇ ਮੁੱਖ ਅਧਿਆਪਕ ਨਰਿੰਦਰ ਕੌਰ, ਸਹਾਇਕ ਨੋਡਲ ਅਫ਼ਸਰ ਸਵੀਪ ਮੋਹਿਤ ਕੌਸ਼ਲ, ਵਿਕਾਸ ਕੰਬੋਜ ਅਤੇ ਸਕੂਲ ਦਾ ਸਟਾਫ਼ ਵੀ ਹਾਜ਼ਰ ਸੀ।