ਸ਼ਹੀਦ ਭਾਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਭਾਸ਼ਣ ਦੌਰਾਨ ਕਈ ਵਿਦਵਾਨਾਂ ਨੇ ਵਿਚਾਰ ਪ੍ਰਗਟਾਏ
ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਅਰਵਿੰਦ ਨੇ ਕਿਹਾ ਕਿ ਅਕਾਦਮਿਕ ਵਿਚਾਰ-ਵਟਾਂਦਰੇ ਦਾ ਅਸਲ ਖਾਸਾ ਖੁੱਲਦਿੱਲੀ ਵਾਲਾ ਹੋਣਾ ਚਾਹੀਦਾ ਹੈ ਅਤੇ ਇਸ ਵਿੱਚ ਕਿਸੇ ਵੀ ਤਰ੍ਹਾਂ ਦੇ ਸੌੜੇਪਨ ਦੀ ਕੋਈ ਗੁੰਜ਼ਾਇਸ਼ ਨਹੀਂ ਹੋਣੀ ਚਾਹੀਦੀ ਹੈ। ਅੱਜ ਸੈਨੇਟ ਹਾਲ ਵਿਖੇ ‘‘ਅਰਾਜਕਤਾਵਾਦ ਤੋਂ ਮਾਰਕਸਵਾਦ-ਇਕ ਕ੍ਰਾਂਤੀਕਾਰੀ ਦਾ ਸਫ਼ਰ’’ ਵਿਸ਼ੇ ’ਤੇ ਭਾਸ਼ਣ ਦੌਰਾਨ ਵਾਈਸ ਚਾਂਸਚਲਰ ਨੇ ਕਿਹਾ ਕਿ ਅਕਾਦਮਿਕ ਵਿਚਾਰ-ਵਟਾਂਦਰੇ ਦੀ ਖਾਸੀਅਤ ਇਹੋ ਹੁੰਦੀ ਹੈ ਕਿ ਇਸ ਵਿੱਚ ਹਰ ਤਰ੍ਹਾਂ ਦੇ ਵਿਚਾਰ ਦਾ ਸਵਾਗਤ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀ ਵਿਚਾਰਧਾਰਾ ਬਾਰੇ ਜੋ ਵਿਚਾਰ-ਵਟਾਂਦਰਾ ਹੋਇਆ, ਉਸ ਤੋਂ ਪੰਜਾਬੀ ਯੂਨੀਵਰਸਿਟੀ ਦਾ ਅਸਲ ਖਾਸਾ ਉੱਭਰ ਕੇ ਸਾਹਮਣੇ ਆਉਂਦਾ ਹੈ।
ਇਹ ਭਾਸ਼ਣ ਇਤਿਹਾਸ ਅਤੇ ਪੰਜਾਬ ਇਤਹਾਸ ਅਧਿਐਨ ਵਿਭਾਗ ਵੱਲੋਂ ਰਾਜਨੀਤੀ ਵਿਗਿਆਨ ਵਿਭਾਗ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਸ਼ਹੀਦ ਸ. ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੁੂ ਨੂੰ ਸਮਰਪਿਤ ਇਸ ਪ੍ਰੋਗਰਾਮ ਦਾ ਮੁੱਖ ਭਾਸ਼ਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪੁੱਜੀ ਵਿਦਵਾਨ ਪ੍ਰੋ. ਅਮਨਦੀਪ ਬੱਲ ਨੇ ਦਿੱਤਾ। ਡਾ. ਅਮਨਦੀਪ ਬੱਲ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਅਤੇ ਸਾਥੀ ਇਨਕਲਾਬੀਆਂ ਦੀ ਵਿਚਾਰਧਾਰਾ ਨੂੰ ਨੇੜਿਉਂ ਜਾਣਨ ਲਈ ਉਨ੍ਹਾਂ ਦੀਆਂ ਲਿਖਤਾਂ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਸ਼ਹੀਦ ਭਗਤ ਸਿੰਘ ਅਤੇ ਸਾਥੀ ਇਨਕਲਾਬੀਆਂ ਦੀ ਗਹਿਨ ਅਧਿਐਨ ਕਰਨ ਵਾਲੇ ਪੱਖ ਨੂੰ ਉਜਾਗਰ ਕਰਦਿਆਂ ਦੱਸਿਆ ਕਿ ਕਿਵੇਂ ਉਹ ਉਸ ਯੁੱਗ ਦੇ ਸੀਮਿਤ ਸਾਧਨਾਂ ਦੇ ਬਾਵਜੂਦ ਦੁਨੀਆਂ ਭਰ ਦਾ ਸਾਹਿਤ ਪੜ੍ਹਦੇ ਸਨ ਤਾਂ ਕਿ ਇਨਕਲਾਬ ਦਾ ਢੁਕਵਾਂ ਰਾਹ ਲੱਭ ਸਕੇ ਅਤੇ ਸੂਝ ਵਿਕਸਿਤ ਹੋ ਸਕੇ। ਉਨ੍ਹਾਂ ਇੱਕ ਅਹਿਮ ਟਿੱਪਣੀ ਕਰਦਿਆਂ
ਇਸ ਗੱਲ ਉੱਤੇ ਅਫ਼ਸੋਸ ਜਤਾਇਆ ਕਿ ਅੱਜਕਲ੍ਹ ਜਾਣੇ ਅਣਜਾਣੇ ਵਿੱਚ ਸ਼ਹੀਦ ਭਗਤ ਸਿੰਘ ਦੇ ਇਸ ਗਹਿਨ ਸੂਝ ਵਾਲੇ ਅਕਸ ਨੂੰ ਭੁਲਾ ਕੇ ਉਸ ਦੀਆਂ ਹਥਿਆਰ ਵਾਲੀਆਂ ਤਸਵੀਰਾਂ ਲਗਾ ਕੇ ਉਸ ਦਾ ਗ਼ਲਤ ਅਕਸ ਉਭਾਰਿਆ ਜਾ ਰਿਹਾ ਹੈ। ਸਮੁੱਚੇ ਪ੍ਰੋਗਰਾਮ ਦੌਰਾਨ ਮੰਚ ਸੰਚਾਲਨ ਦਾ ਕਾਰਜ ਇਤਿਹਾਸ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਦੀ ਮੁਖੀ ਡਾ. ਸੰਦੀਪ ਕੌਰ ਨੇ ਕੀਤਾ। ਪ੍ਰੋਗਰਾਮ ਦਾ ਸਵਾਗਤੀ ਭਾਸ਼ਣ ਰਾਜਨੀਤੀ ਵਿਗਿਆਨ ਵਿਭਾਗ ਦੇ ਮੁਖੀ ਡਾ. ਪਰਮਜੀਤ ਕੌਰ ਗਿੱਲ ਨੇ ਦਿੱਤਾ। ਧੰਨਵਾਦੀ ਭਾਸ਼ਣ ਪ੍ਰੋਗਰਾਮ ਸ੍ਰੀ ਗੁਰੂ ਤੇਗ ਬਹਾਦਰ ਰਾਸ਼ਟਰੀ ਏਕਤਾ ਚੇਅਰ ਦੇ ਮੁਖੀ ਡਾ. ਦਲਜੀਤ ਸਿੰਘ ਨੇ ਦਿੱਤਾ।