ਹਿਮਾਚਲ : ਹਿਮਾਚਲ ਦੇ ਮੰਡੀ ਵਿਚ ਬੀਤੇ ਦਿਨੀਂ ਵੱਡਾ ਹਾਦਸਾ ਵਾਪਰ ਗਿਆ। ਮੰਡੀ-ਬਜੌਰਾ ਵਾਇਆ ਕਟੌਲਾ ਹਾਈਵੇ ‘ਤੇ ਦਰੰਗ ਦੇ ਟਿਹਰੀ ਕੋਲ ਜੀਪ 300 ਮੀਟਰ ਡੂੰਘੀ ਖੱਡ ਵਿਚ ਜਾ ਡਿੱਗੀ। ਹਾਦਸੇ ਵਿਚ 3 ਨੌਜਵਾਨਾਂ ਦੀ ਮੌਤ ਹੋ ਗਈ। ਤਿੰਨੋਂ ਨੌਜਵਾਨ ਮਨਾਲੀ ਵਿਚ ਖੋਇਆ ਪਨੀਰ ਦੀ ਸਪਲਾਈ ਦੇ ਕੇ ਪੰਜਾਬ ਪਰਤ ਰਹੇ ਸਨ। ਥਾਣਾ ਇੰਚਾਰਜ ਅਸ਼ੋਕ ਕੁਮਾਰ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦੇ ਹੀ ਕਮਾਂਦ ਪੁਲਿਸ ਇੰਚਾਰਜ ਆਲਮ ਰਾਮ ਦੀ ਅਗਵਾਈ ਵਿਚ ਟੀਮ ਨੂੰ ਮੌਕੇ ‘ਤੇ ਰਵਾਨਾ ਕਰ ਦਿੱਤਾ। ਮ੍ਰਿਤਕਾਂ ਦੀ ਪਛਾਣ ਡਰਾਈਵਰ ਬਸ਼ੀਰ ਅਲੀ (23) ਪੁੱਤਰ ਭੀਲੋਵਾਸੀ ਵੈਰਮਪੁਰ ਜ਼ਿਲ੍ਹਾ ਰੋਪੜ ਪੰਜਾਬ, ਸਲੀਮ ਪੁੱਤਰ ਅਲੀ ਹੁਸੈਨ ਵਾਸੀ ਪਿੰਜੌਰ ਹਰਿਆਣਾ ਤੇ ਆਜਮ ਪੁੱਤਰ ਸ਼ਰਾਫਤ ਅੰਸਾਰੀ ਵਾਸੀ ਜਵਰੇੜਾ ਰੁੜਕੀ ਜ਼ਿਲ੍ਹਾ ਹਰਿਦੁਆਰ ਵਜੋਂ ਹੋਈ ਹੈ।
ਲਗਭਗ 7 ਵਜੇ ਟਿਹਰੀ ਨੇੜੇ ਮਰੋਗੀ ਨਾਲਾ ਵਿਚ ਜੀਪ ਬੇਕਾਬੂ ਹੋ ਕੇ ਖੱਡ ਵਿਚ ਜਾ ਡਿੱਗੀ ਜਿਸ ਵਿਚ ਤਿੰਨਾਂ ਦੀ ਮੌਤ ਹੋ ਗਈ। ਡੀਐੱਸਪੀ ਦਿਨੇਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੇਹਾਂ ਨੂੰ ਜ਼ੋਨਲ ਹਸਪਤਾਲ ਮੰਡੀ ਤੋਂ ਪੋਸਟਮਾਰਟਮ ਕਰਵਾਉਣ ਦੇ ਬਾਅਦ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੇ ਗਏ ਹਨ। ਡਰਾਈਵਰ ਨੂੰ ਝਪਕੀ ਆਉਣ ਦੀ ਵਜ੍ਹਾ ਨਾਲ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ। ਪੁਲਿਸ ਘਟਨਾ ਦੇ ਕਾਰਨਾਂ ਦੀ ਛਾਣਬੀਣ ਕਰ ਰਹੀ ਹੈ। ਮੌਕੇ ‘ਤੇ ਮਿਲੇ ਗੱਡੀ ਦੇ ਦਸਤਾਵੇਜ਼ ਮੁਤਾਬਕ ਜੀਪ ਰੋਪੜ ਵਾਸੀ ਜਸਵੀਰ ਸਿੰਘ ਦੇ ਨਾਂ ‘ਤੇ ਹੈ।