ਭਾਜਪਾ ਨੇ ਲੋਕ ਸਭਾ ਚੋਣਾਂ ਲਈ 111 ਉਮੀਦਵਾਰਾਂ ਦੀ ਆਪਣੀ ਪੰਜਵੀਂ ਸੂਚੀ ਜਾਰੀ ਕਰ ਦਿੱਤੀ ਹੈ। ਖਾਸ ਗੱਲ ਇਹ ਹੈ ਕਿ ਇਸ ਵਿੱਚ ਕੰਗਨਾ ਰਣੌਤ ਨੂੰ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਇਸ ਤੋਂ ਇਲਾਵਾ ਪੱਛਮੀ ਬੰਗਾਲ ਵਿੱਚ ਭਾਜਪਾ ਨੇ ਸੰਦੇਸ਼ਖੜੀ ਮਾਮਲੇ ਦੀ ਪੀੜਤਾ ਨੂੰ ਟਿਕਟ ਦਿੱਤੀ ਹੈ। ਇਸ ਪੀੜਤਾ ਨੇ ਮਾਮਲਾ ਚੁਕਿਆ ਸੀ ਜਿਸ ਤੋਂ ਬਾਅਦ ਸ਼ੇਖ ਸ਼ਾਹਜਹਾਂ ਦੇ ਨੇੜਲੇ ਉਸ ਦੇ ਥੱਪੜ ਜੜ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਭਾਜਪਾ ਨੇ ਆਪਣੀ 111 ਉਮੀਦਵਾਰਾਂ ਦੀ ਪੰਜਵੀਂ ਲਿਸਟ ਵਿੱਚ ਪੱਛਮੀ ਬੰਗਾਲ ਤੋਂ 19, ਉਡੀਸਾ ਤੋਂ 18, ਬਿਹਾਰ ਤੋਂ 17, ਉਤਰ ਪ੍ਰਦੇਸ਼ ਤੋਂ 13, ਰਾਜਸਥਾਨ ਤੋਂ 7, ਆਂਧਰਾ ਪ੍ਰਦੇਸ਼ ਤੋਂ 6, ਗੁਜਰਾਤ ਤੋਂ 6, ਹਰਿਆਣਾ ਤੋਂ 4, ਕਰਨਾਟਕ ਤੋਂ 4, ਕੇਰਲ ਤੋਂ 4, ਮਹਾਰਾਸ਼ਟਰ ਤੋਂ 3, ਝਾਰਖੰਡ ਤੋਂ 3, ਹਿਮਾਚਲ ਪ੍ਰਦੇਸ਼ ਤੋਂ 2, ਤੇਲੰਗਾਨਾ ਤੋਂ 2, ਗੋਆ ਤੋਂ 1, ਮਿਰੋਜ਼ਮ ਤੋਂ 1, ਸਿਕੱਮ ਤੋਂ 1, ਉਮੀਦਵਾਰ ਐਲਾਨਿਆ ਹੈ। ਜ਼ਿਕਰਯੋਗ ਹੈ ਕਿ ਯੂਪੀ ਦੇ ਮੇਰਠ ਤੋਂ ਅਰੁਣ ਗੋਵਿਲ ਅਤੇ ਪੁਰੀ ਤੋਂ ਸੰਬਿਤ ਪਾਤਰਾ ਨੂੰ ਟਿਕਟ ਦਿੱਤੀ ਗਈ ਹੈ। ਝਾਰਖੰਡ ਦੇ ਦੁਮਕਾ ਤੋਂ ਸੀਤਾ ਸੋਰੇਨ, ਯੂ.ਪੀ. ਦੇ ਗਾਜ਼ੀਆਬਾਦ ਤੋਂ ਅਤੁਲ ਗਰਗ, ਹਰਿਆਣਾ ਦੇ ਕੁਰੂਕਸ਼ੇਤਰ ਤੋਂ ਨਵੀਨ ਜਿੰਦਲ ਨੂੰ ਉਮੀਦਵਾਰ ਐਲਾਨਿਆ ਹੈ। ਉਤਰ ਪ੍ਰਦੇਸ਼ ਵਿੱਚ ਪੈਂਦੇ ਪੀਲੀਭੀਤ ਲੋਕ ਸਭਾ ਹਲਕੇ ਤੋਂ ਜਤਿਨ ਪ੍ਰਸਾਦ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ। ਪਹਿਲਾਂ ਇਥੋਂ ਵਰੁਣ ਗਾਂਧੀ ਦੇ ਨਾਮ ਦੀ ਚਰਚਾ ਸੀ। ਪਰ ਮੇਨਕਾ ਗਾਂਧੀ ਨੂੰ ਸੁਲਤਾਨਪੁਰ ਤੋਂ ਟਿਕਟ ਦਿੱਤੀ ਗਈ ਹੈ। ਦੁਰਵਿਜੇ ਸ਼ਾਕਿਆ ਨੂੰ ਸਵਾਮੀ ਪ੍ਰਸਾਦ ਮੌਰਿਆ ਦੀ ਬੇਟੀ ਦੀ ਥਾਂ ਬਦਾਯੂੰ ਤੋਂ ਉਮੀਦਵਾਰ ਬਣਾਇਆ ਹੈ। ਭਾਜਪਾ ਨੇ ਹੁਣ ਤੱਕ ਆਪਣੇ 402 ਉਮੀਦਵਾਰਾਂ ਦੇ ਨਾਮ ਐਲਾਨ ਦਿਤੇ ਹਨ।
ਦੱਸਣਯੋਗ ਹੈ ਕਿ ਚੋਣ ਕਮਿਸ਼ਨ ਵਲੋਂ 16 ਮਾਰਚ ਨੂੰ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਸੀ। ਦੇਸ਼ ਵਿੱਚ ਲੋਕ ਸਭਾ ਦੀਆਂ ਚੋਣਾਂ 7 ਪੜਾਅ ਵਿੱਚ ਹੋਣਗੀਆਂ। ਪਹਿਲੇ ਪੜਾਅ ਵਿੱਚ 102 ਸੀਟਾਂ ਲਈ ਵੋਟਾਂ 19 ਅਪ੍ਰੈਲ ਵਾਲੇ ਦਿਨ ਪੈਣਗੀਆਂ। ਦੂਜੇ ਪੜਾਅ ਵਿੱਚ 89 ਸੀਟਾਂ ਲਈ ਵੋਟਾਂ 26 ਅਪ੍ਰੈਲ ਨੂੰ ਪੈਣਗੀਆਂ। ਤੀਜੇ ਪੜਾਅ ਵਿੱਚ 94 ਸੀਟਾਂ ਲਈ ਵੋਟਾਂ 7 ਮਈ ਨੂੰ ਪੈਣਗੀਆਂ। ਚੌਥੇ ਪੜਾਅ ਵਿੱਚ 96 ਸੀਟਾਂ ਲਈ ਵੋਟਾਂ 13 ਮਈ ਨੂੰ ਪੈਣਗੀਆਂ। ਪੰਜਵੇਂ ਪੜਾਅ ਵਿੱਚ 49 ਸੀਟਾਂ ਲਈ 20 ਮਈ ਨੂੰ ਵੋਟਾਂ ਪੈਣਗੀਆਂ। ਛੇਵੇਂ ਪੜਾਅ ਵਿੱਚ 57 ਸੀਟਾਂ ਲਈ ਵੋਟਾਂ 25 ਮਈ ਨੂੰ ਪੈਣਗੀਆਂ ਅਤੇ ਸੱਤਵੇਂ ਪੜਾਅ ਵਿੱਚ 57 ਸੀਟਾਂ ਲਈ ਵੋਟਾਂ 1 ਜੂਨ ਨੂੰ ਪੈਣਗੀਆਂ। ਚੋਣ ਕਮਿਸ਼ਨ ਵੱਲੋਂ ਵੋਟਾਂ ਦੀ ਗਿਣਤੀ 4 ਜੂਨ ਨੂੰ ਕੀਤੀ ਜਾਵੇਗੀ। ਪੰਜਾਬ ਵਿੱਚ ਲੋਕ ਸਭਾ ਦੀਆਂ 13 ਸੀਟਾਂ ਹਨ ਜਿਨ੍ਹਾਂ ਵਿਚ ਗੁਰਦਾਸਪੁਰ, ਅੰਮ੍ਰਿਤਸਰ, ਖਡੂਰ ਸਾਹਿਬ, ਜਲੰਧਰ, ਹੁਸ਼ਿਆਰਪੁਰ, ਆਨੰਦਪੁਰ ਸਾਹਿਬ, ਲੁਧਿਆਣਾ, ਫ਼ਤਿਹਗੜ੍ਹ ਸਾਹਿਬ, ਫ਼ਰੀਦਕੋਟ, ਫ਼ਿਰੋਜ਼ਪੁਰ, ਬਠਿੰਡਾ, ਸੰਗਰੂਰ ਅਤੇ ਪਟਿਆਲਾ। ਇਸ ਤੋਂ ਇਲਾਵਾ ਪੰਜਾਬ ਮੁੱਖ ਮੁਕਾਬਲਾ ਕਾਂਗਰਸ, ਆਮ ਆਦਮੀ ਪਾਰਟੀ, ਭਾਜਪਾ ਅਤੇ ਦਰਮਿਆਨ ਦੇਖਣ ਨੂੰ ਮਿਲ ਰਿਹਾ ਹੈ।