ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿਖੇ ਥੀਏਟਰ ਅਤੇ ਫਿਲਮ ਪ੍ਰੋਡਕਸਨ ਵਿਭਾਗ ਵੱਲੋਂ ਕਰਵਾਇਆ ਜਾ ਰਿਹਾ ਵਿਸ਼ਵ ਰੰਗਮੰਚ ਦਿਵਸ ਨੂੰ ਸਮਰਪਿਤ ਚਾਰ ਰੋਜ਼ਾ ‘ਰੰਗਮੰਚ ਉਤਸਵ’ ਕੱਲ੍ਹ ਸ਼ੁਰੂ ਹੋ ਗਿਆ ਹੈ। ਇਸ ਦੀ ਸ਼ੁਰੂਆਤ ‘ਆਵਾਜ਼ਾਂ’ ਨਾਟਕ ਨਾਲ਼ ਹੋਈ। ਬਲਵਿੰਦਰ ਬੁਲਟ ਵੱਲੋਂ ਲਿਖਿਤ ਅਤੇ ਨਿਰਦੇਸਿ਼ਤ ਇਹ ਨਾਟਕ ਨਾਦ ਰੰਗ ਮੰਚ, ਪਟਿਆਲਾ ਵੱਲੋਂ ਖੇਡਿਆ ਗਿਆ।
ਇਹ ਨਾਟਕ ਇੱਕ ਪ੍ਰੇਮ ਕਹਾਣੀ ਉੱਤੇ ਆਧਾਰਿਤ ਹੈ ਜਿਸ ਵਿੱਚ ਇੱਕ ਪ੍ਰੇਮੀ ਆਪਣੀ ਪ੍ਰੇਮਿਕਾ ਵੱਲੋਂ ਕੀਤੀ ਬੇਵਫ਼ਾਈ ਦਾ ਬਦਲਾ ਲੈਣ ਲਈ ਖ਼ੁਦਕੁਸ਼ੀ ਦੀ ਕੋਸਿ਼ਸ਼ ਕਰਦਾ ਹੈ ਪਰ ਅਚਾਨਕ ਇੱਕ ਅਜਨਬੀ ਔਰਤ ਦੇ ਦਾਖਲ ਹੋਣ ਨਾਲ ਉਹ ਇੱਕ ਅਜੀਬ ਕਸ਼ਮਕਸ਼ ਵਿੱਚ ਉਲ਼ਝ ਜਾਂਦਾ ਹੈ। ਇਹ ਨਾਟਕ ਪਿਆਰ ਦੇ ਸਹੀ ਮਾਅਨਿਆ ਦੀ ਵਿਸਥਾਰ ਵਿੱਚ ਚਰਚਾ ਕਰਦਾ ਹੈ। ਨਾਟਕ ਰਾਹੀਂ ਔਰਤ ਉੱਥੇ ਆਦਮੀ ਦੇ ਕਾਬਜ਼ ਹੋਣ ਦੀ ਮਰਦਾਊ ਬਿਰਤੀ ਨੂੰ ਬਾਖ਼ੂਬੀ ਬਿਆਨ ਕੀਤਾ ਗਿਆ ਹੈ।
ਨਾਟਕ ਦੇ ਸੰਵਾਦਾਂ ਰਾਹੀ ਮੌਜੂਦਾ ਰਾਜਨੀਤਿਕ, ਸਮਾਜਿਕ ਪ੍ਰਸਥਿਤੀਆਂ ਉੱਤੇ ਕਰਾਰੀ ਚੋਟ ਕਰਦਿਆ ਨਫਰਤ ਦੇ ਮਾਹੌਲ ਅਤੇ ਤਾਨਾਸ਼ਾਹੀ ਦੇ ਮਾਹੌਲ ਵਿੱਚ ਵੰਨ-ਸੁਵੰਨਤਾ, ਪਿਆਰ ਅਤੇ ਭਾਈਚਾਰੇ ਦੀ ਗੱਲ ਕੀਤੀ ਗਈ ਹੈ। ਨਾਟਕ ਦਾ ਮੁੱਖ ਨੁਕਤਾ ਏਹੋ ਹੈ ਕਿ ਮਨੁੱਖੀ ਜੀਵਨ ਨੂੰ ਖ਼ੂਬਸੂਰਤ ਅਤੇ ਬਿਹਤਰ ਬਣਾਉਣ ਲਈ ਵੈਰ-ਭਾਵ ਦਾ ਤਿਆਗ ਕਰ ਕੇ ਮੁਹੱਬਤ ਦਾ ਰਸਤਾ ਚੁਣਨਾ ਲਾਜ਼ਮੀ ਹੈ।
ਰੰਗਮੰਚ ਉਤਸਵ ਦੇ ਕੋਆਰਡੀਨੇਟਰ ਡਾ. ਜਸਪਾਲ ਦਿਉਲ ਨੇ ਦੱਸਿਆ ਕਿ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਦੀ ਲੋਅ ਵਿੱਚ ਇਸ ਉਤਸਵ ਦੀ ਪਹਿਲੀ ਸ਼ਾਮ ਇਸੇ ਦਿਨ ਅਕਾਲ ਚਲਾਣਾ ਕਰ ਗਏ ਡਿਪਟੀ ਕੰਟੋਰਲਰ ਅਤੇ ਭੌਤਿਕ ਵਿਗਿਆਨ ਦੇ ਅਧਿਆਪਕ ਡਾ. ਬਾਲ ਕ੍ਰਿਸ਼ਨ ਨੂੰ ਸਮਰਪਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅਗਲੇ ਤਿੰਨ ਦਿਨ ਕ੍ਰਮਵਾਰ ‘ਲਿਥੁਏਨੀਆ’, ‘ਸੰਨ 2025’ ਅਤੇ ‘ਚੈਨਪੁਰ ਕੀ ਦਾਸਤਾਨ’ ਨਾਟਕਾਂ ਦੀ ਪੇਸ਼ਕਾਰੀ ਹੋਣੀ ਹੈ।