ਪਟਿਆਲਾ : ਬੀਤੇ ਦਿਨੀਂ ਪੰਜਾਬੀ ਯੂਨੀਵਰਸਿਟੀ ਦੇ ਅਚਾਨਕ ਵਿਛੋੜਾ ਦੇ ਗਏ ਡਿਪਟੀ ਕੰਟਰੋਲਰ ਡਾ. ਬਾਲ ਕ੍ਰਿਸ਼ਨ ਨੂੰ ਵਾਈਸ-ਚਾਂਸਲਰ ਪ੍ਰੋ ਅਰਵਿੰਦ ਅਤੇ ਯੂਨੀਵਰਸਿਟੀ ਦੇ ਹੋਰਨਾਂ ਅਤੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸ਼ਰਧਾਂਜਲੀ ਭੇਂਟ ਕੀਤੀ। ਅੱਜ ਯੂਨੀਵਰਸਿਟੀ ਕੈਂਪਸ ਵਿੱਚ ਕਰਵਾਏ ਗਏ ਸ਼ਰਧਾਂਜਲੀ ਸਮਾਗਮ ਦੌਰਾਨ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਨੇ ਬੋਲਦਿਆਂ ਉਨ੍ਹਾਂ ਦੀ ਸ਼ਖ਼ਸੀਅਤ ਦੇ ਵੱਖ-ਵੱਖ ਪੱਖਾਂ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਡਾ. ਬਾਲ ਕ੍ਰਿਸ਼ਨ ਨੂੰ ਕੰਮ ਨਾਲ਼ ਬਹੁਤ ਪਿਆਰ ਸੀ। ਉਨ੍ਹਾਂ ਨੂੰ ਯੂਨੀਵਰਸਿਟੀ ਦੇ ਅਕਾਦਮਿਕ ਜਾਂ ਪ੍ਰਬੰਧਨ ਖੇਤਰ ਵਿੱਚ ਜੋ ਵੀ ਜਿ਼ੰਮੇਵਾਰੀ ਸੌਂਪੀ ਗਈ ਉਨ੍ਹਾਂ ਮਿਸਾਲੀ ਢੰਗ ਨਾਲ਼ ਨਿਭਾਈ। ਪੰਜਾਬੀ ਯੂਨੀਵਰਸਿਟੀ ਨੂੰ ਪਿਆ ਇਹ ਘਾਟਾ ਪੂਰਿਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਤੋਂ ਦੀ ਸ਼ਖ਼ਸੀਅਤ ਤੋਂ ਸਿੱਖ ਸਕਦੇ ਹਾਂ ਕਿ ਅਸੀਂ ਕਿਵੇਂ ਆਪਣੇ ਕੰਮ ਨੂੰ ਤਨਦੇਹੀ ਨਾਲ਼ ਕਰਨਾ ਹੈ। ਇਹੋ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਰਜਿਸਟਰਾਰ ਨਵਜੋਤ ਕੌਰ ਨੇ ‘ਸ਼ੋਕ ਮਤਾ’ ਪੜ੍ਹਦਿਆਂ ਦੱਸਿਆ ਕਿ ਯਾਦਵਿੰਦਰਾ ਇੰਜਨੀਅਰਿੰਗ ਕਾਲਜ ਤਲਵੰਡੀ ਸਾਬੋ ਵਿੱਚ ਆਪਣੀ ਪਹਿਲੀ ਤਾਇਨਾਤੀ ਤੋਂ ਲੈ ਕੇ ਪੰਜਾਬੀ ਯੂਨੀਵਰਸਿਟੀ ਦੇ ਮੁੱਖ ਕੈਂਪਸ ਵਿੱਚ ਮਿਲੀ ਹਰੇਕ ਜਿ਼ੰਮੇਵਾਰੀ ਉਨ੍ਹਾਂ ਵੱਲੋਂ ਤਨਦੇਹੀ ਨਾਲ਼ ਨਿਭਾਈ ਗਈ। ਇਸ ਮੌਕੇ ਡੀਨ ਅਕਾਦਮਿਕ ਮਾਮਲੇ ਪ੍ਰੋ. ਅਸ਼ੋਕ ਕੁਮਾਰ ਤਿਵਾੜੀ, ਕੰਟਰੋਲਰ ਪ੍ਰੀਖਿਆਵਾਂ ਪ੍ਰੋ. ਵਿਸ਼ਾਲ ਗੋਇਲ ਸਮੇਤ ਵੱਖ-ਵੱਖ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਨਮ ਅੱਖਾਂ ਨਾਲ਼ ਯਾਦ ਕੀਤਾ। ਇਸ ਮੌਕੇ ਵੱਡੀ ਪੱਧਰ ਉੱਤੇ ਅਧਿਆਪਨ ਅਤੇ ਗ਼ੈਰ ਅਧਿਆਪਨ ਅਮਲੇ ਦੇ ਮੈਂਬਰ ਹਾਜ਼ਰ ਰਹੇ।