ਮਾਲੇਰਕੋਟਲਾ : ਇੱਥੋਂ ਦੀਆਂ ਅੱਧੀ ਦਰਜਨ ਮੁਸਲਿਮ ਜਥੇਬੰਦੀਆਂ ਦੇ ਵਫ਼ਦ ਨੇ ਜ਼ਿਲ੍ਹਾ ਪੁਲੀਸ ਮੁਖੀ ਡਾ. ਸਿਮਰਤ ਕੌਰ ਨੂੰ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਹੈ ਕਿ ਹਰ ਵੀਰਵਾਰ ਵਾਲੇ ਦਿਨ ਲੱਗਦੇ ਹੈਦਰ ਸ਼ੇਖ਼ ਦੇ ਮੇਲੇ ਮੌਕੇ ਮੁਹੱਲਾ ਮਲੇਰ, 786 ਚੌਕ ਅਤੇ ਮੋਤੀ ਬਾਜ਼ਾਰ ਵਿੱਚ ਵਿਗੜਦੀ ਟ੍ਰੈਫਿਕ ਸਮੱਸਿਆ ਦਾ ਹੱਲ ਕੀਤਾ ਜਾਵੇ ਜੇਕਰ ਈਦ- ਉਲ-ਫ਼ਿਤਰ ਦਾ ਤਿਉਹਾਰ ਵੀਰਵਾਰ ਨੂੰ ਆਉਂਦਾ ਹੈ ਤਾਂ ਹੈਦਰ ਸ਼ੇਖ ਦੇ ਮੇਲੇ `ਤੇ ਰੋਕ ਲਾਈ ਜਾਵੇ। ਵਫ਼ਦ ਨੇ ਪੱਤਰ ਵਿੱਚ ਲਿਖਿਆ ਹੈ ਕਿ ਸ਼ਹਿਰ ਦੇ ਮਲੇਰ ਇਲਾਕੇ ਸਥਿਤ ਸਦਰ ਏ ਜਹਾਂ ਹੈਦਰ ਸ਼ੇਖ ਦਾ ਮਜ਼ਾਰ ਹੈ, ਜਿੱਥੇ ਹਰ ਵੀਰਵਾਰ ਨੂੰ ਮੇਲਾ ਲੱਗਦਾ ਹੈ,ਜਿਸ ਕਾਰਨ ਸ਼ਹਿਰ ਵਿੱਚ ਟ੍ਰੈਫਿਕ ਦੀ ਸਮੱਸਿਆ ਬਣ ਜਾਂਦੀ ਹੈ।ਇਸ ਲਈ ਹਰ ਵੀਰਵਾਰ ਨੂੰ ਮੇਲੇ ਵਾਲੇ ਦਿਨ ਵੱਡੀਆਂ ਗੱਡੀਆਂ ਅਤੇ ਕਾਰਾਂ ਦੀ ਆਮਦ ਸ਼ਹਿਰ ਅੰਦਰ ਮੁਕੰਮਲ ਬੰਦ ਕੀਤੀ ਜਾਵੇ।ਆਗੂਆਂ ਕਿਹਾ ਕਿ ਮੁਸਲਮਾਨਾਂ ਦੇ ਪੂਰੇ ਸਾਲ ਵਿੱਚ ਸਿਰਫ਼ ਦੋ ਤਿਉਹਾਰ ਈਦ ਉਲ ਫਿਤਰ ਅਤੇ ਈਦ ਉਲ ਅਜ਼ਹਾ ਆਉਂਦੇ ਹਨ ਅਤੇ ਕਈ ਵਾਰ ਉਸੇ ਦਿਨ ਬਾਬਾ ਹੈਦਰ ਸ਼ੇਖ ਦਾ ਮੇਲਾ ਹੁੰਦਾ ਹੈ। ਮੇਲਾ ਅਤੇ ਈਦ ਦਾ ਤਿਉਹਾਰ ਇੱਕ ਹੀ ਦਿਨ ਆਉਣ ਕਰਕੇ ਤਿਉਹਾਰ ਵਿੱਚ ਵਿਘਨ ਪੈਣ ਦਾ ਡਰ ਬਣਿਆ ਰਹਿੰਦਾ ਹੈ ਕਿਉਂਕਿ ਈਦਗਾਹ ਬਾਬਾ ਹੈਦਰ ਸ਼ੇਖ ਰੋਡ ਦੇ ਲਾਗੇ ਹੈ, ਜਿਸ ਕਰਕੇ ਈਦਗਾਹ ਨੂੰ ਜਾਣ ਵਾਲੇ ਹਜ਼ਾਰਾਂ ਮੁਸਲਮਾਨਾਂ ਇਸੇ ਸੜਕ ਤੋਂ ਲੰਘਦੇ ਹਨ ।ਵਫ਼ਦ ਨੇ ਕਿਹਾ ਕਿ ਜੇਕਰ 11 ਅਪਰੈਲ ਦਿਨ (ਵੀਰਵਾਰ) ਨੂੰ ਈਦ ਦਾ ਤਿਉਹਾਰ ਆਉਂਦਾ ਹੈ ਤਾਂ ਉਸ ਦਿਨ ਬਾਬਾ ਹੈਦਰ ਸ਼ੇਖ ਦੇ ਮੇਲੇ `ਤੇ ਰੋਕ ਲਾਈ ਜਾਵੇ ਤਾਂ ਜੋ ਮੁਸਲਮਾਨ ਈਦ ਉਲ ਫ਼ਿਤਰ ਦੇ ਪਵਿੱਤਰ ਤਿਉਹਾਰ ਨੂੰ ਸੁਚੱਜੇ ਢੰਗ ਨਾਲ ਮਨਾ ਸਕਣ।