ਅਸੀਂ ਅਕਸਰ ਦੂਜਿਆਂ ਬਾਰੇ ਨਜਰੀਆ, ਉਨ੍ਹਾਂ ਦੀਆਂ ਕੁਝ ਗੱਲਾਂ ਸੁਣ ਕੇ ਜਾਂ ਕੁਝ ਕੰਮਾਂ ਨੂੰ ਦੇਖ ਬਣਾ ਲੈਂਦੇ ਹੈ। ਹਾਲਾਂਕਿ ਕਿਸੇ ਵਿਅਕਤੀ ਦੇ ਕੁਝ ਕੰਮਾਂ ਜਾਂ ਉਸ ਦੀਆਂ ਕੁਝ ਗੱਲਾਂ ਤੋਂ ਉਸਦੀ ਪੂਰੀ ਸਖਸ਼ੀਅਤ ਬਾਰੇ ਨਹੀਂ ਜਾਣਿਆ ਜਾ ਸਕਦਾ, ਪਰ ਫਿਰ ਵੀ ਅਸੀਂ ਅਕਸਰ ਦੂਜਿਆਂ ਪ੍ਰਤੀ ਪੱਖਪਾਤੀ (ਜੱਜਮੈਂਟਲ) ਹੁੰਦੇ ਹਾਂ। ਜਿਥੇ ਅਸੀਂ ਆਪਣੇ ਵੱਡੇ ਔਗੁਣ ਵੀ ਲੁਕਾਉਣ ਦੀ ਕੋਸ਼ਿਸ਼ ਕਰਦੇ ਹਾਂ, ਓਥੇ ਦੂਜਿਆਂ ਦੀਆਂ ਛੋਟੀਆਂ-ਛੋਟੀਆਂ ਗਲਤੀਆਂ ਨੂੰ ਵੀ ਬਾਤ ਦਾ ਬਤੰਗੜ ਬਣਾ ਕੇ ਪੇਸ਼ ਕਰਦੇ ਹਾਂ। ਸੋਸ਼ਲ ਮੀਡੀਆ ਦੇ ਇਸ ਦੌਰ ਵਿੱਚ ਅਸੀਂ ਕਿਸੇ ਦੀ ਪੋਸਟ ਦੀਆਂ ਕੁਝ ਲਾਈਨਾਂ ਪੜ੍ਹ ਕੇ ਜਾਂ ਕਿਸੇ ਫੋਟੋ ਨੂੰ ਦੇਖ ਕੇ ਉਸਦੀ ਸਖਸ਼ੀਅਤ ਬਾਰੇ ਗਲਤ ਅੰਦਾਜ਼ੇ ਲਗਾਉਂਦੇ ਹਾਂ। ਲੇਖਕਾਂ, ਰਾਜਨੀਤਕਾਂ, ਸੋਸ਼ਲ ਵਰਕਰਾਂ ਨਾਲ ਅਕਸਰ ਅਜਿਹਾ ਵਾਪਰਦਾ ਹੈ। ਅਸੀਂ ਕਈ ਵਾਰ ਆਪਣੀ ਬਣਾਈ ਹੋਈ ਮਨੋਕਲਿਪਤ ਸੋਚ ਅਨੁਸਾਰ ਵਿਵਹਾਰ ਵੀ ਕਰਨ ਲੱਗਦੇ ਹਾਂ। ਬਹੁਤ ਵਾਰੀ ਦੂਜਿਆਂ ਬਾਰੇ ਅਸੀਂ ਆਪਣਾ ਨਜਰੀਆ ਕਿਸੇ ਦੀਆਂ ਕਹੀਆਂ ਕੁਝ ਗੱਲਾਂ ਸੁਣ ਕੇ ਬਣਾ ਲੈਂਦੇ ਹਾਂ ਤੇ ਬਹੁਤ ਵਾਰ ਸੁਣੀਆਂ ਸੁਣਾਈਆਂ ਗੱਲਾਂ ਦੇ ਆਧਾਰ ‘ਤੇ ਅਸੀਂ ਦੂਜੇ ਵਿਅਕਤੀ ਨੂੰ ਨਫਰਤ ਵੀ ਕਰਨ ਲਗਦੇ ਹਾਂ ਤੇ ਕਿਸੇ ਦੀ ਸੁਣੀ ਸੁਣਾਈ ਗੱਲ ਦੀ ਪੜਚੋਲ ਜਾਂ ਪੜਤਾਲ ਕਰਨ ਦੀ ਥਾਂ ਅਫਵਾਹਾਂ ਵੀ ਫੈਲਾਉਣ ਲਗਦੇ ਹਾਂ। ਆਮ ਤੌਰ ਤੇ ਸਾਡੀ ਸੋਚ ਇਤਨੀ ਨਾਕਾਰਾਮਕ ਹੋ ਚੁੱਕੀ ਹੈ ਕਿ ਕਿਸੇ ਬਾਰੇ ਗਲਤ ਗੱਲ ਨੂੰ ਸੁਣ ਕੇ ਬਿਨਾਂ ਕਿਸੇ ਠੋਸ ਜਾਣਕਾਰੀ ਦੇ ਦੂਜਿਆਂ ਨਾਲ ਸ਼ੇਅਰ ਕਰਨ ਲਗਦੇ ਹਾਂ, ਪਰ ਕਿਸੇ ਦੀ ਚੰਗੀ ਗੱਲ ਤੇ ਯਕੀਨ ਕਰਨ ਲਈ ਕਈ ਵਾਰ ਸੋਚਦੇ ਹਾਂ। ਸੋਸ਼ਲ ਮੀਡੀਆ ਤੇ ਅਕਸਰ ਨਾਕਾਰਾਤਮਕ ਖ਼ਬਰਾਂ ਜਾਂ ਜਾਣਕਾਰੀਆਂ ਵੱਧ ਸ਼ੇਅਰ ਕੀਤੀਆਂ ਜਾਂਦੀਆਂ ਹਨ।
ਅਸੀਂ ਕਿਸੇ ਬਾਰੇ ਨਹੀਂ ਜਾਣਦੇ ਜਾਂ ਕਿਸੇ ਨਾਲ ਕਿਸੇ ਦੇ ਕਿਸੇ ਰਿਲੇਸ਼ਨ ਬਾਰੇ ਨਹੀਂ ਜਾਣਦੇ ਤਾਂ ਸਾਨੂੰ ਜੱਜਮੈਂਟਲ ਹੋਣ ਦੀ ਲੋੜ ਨਹੀਂ। ਜੇ ਅਸੀਂ ਕਿਸੇ ਬਾਰੇ ਚੰਗਾ ਨਹੀਂ ਸੋਚ ਸਕਦੇ, ਕਿਸੇ ਦਾ ਚੰਗਾ ਨਹੀਂ ਕਰ ਸਕਦੇ ਤਾਂ ਸਾਨੂੰ ਕਿਸੇ ਬਾਰੇ ਮਾੜਾ ਸੋਚਣ ਜਾਂ ਮਾੜਾ ਕਰਨ ਦਾ ਵੀ ਹੱਕ ਨਹੀਂ ਹੈ। ਕਿਸੇ ਬਾਰੇ ਚੰਗਾ ਕਹਿਣ ਵੇਲੇ ਭਾਵੇਂ ਨਾ ਵੀ ਸੋਚੀਏ, ਪਰ ਮਾੜਾ ਕਹਿਣ ਜਾਂ ਕਰਨ ਵੇਲੇ ਪੜਤਾਲ ਕਰ ਲੈਣੀ ਚਾਹੀਦੀ ਹੈ। ਕਿਸੇ ਨੂੰ ਮਾੜਾ ਕਹਿਣਾ ਜਾਂ ਕਰਨਾ, ਉਸਦੇ ਸੁਧਾਰ ਲਈ ਹੋਣਾ ਚਾਹੀਦਾ ਹੈ ਨਾ ਕਿ ਉਸਨੂੰ ਨੀਵਾਂ ਜਾਂ ਘਟੀਆ ਦਰਸਾਉਣ ਲਈ। ਵੈਸੇ ਸਾਡੀ ਆਮ ਮਾਨਸਿਕਤਾ ਅਜਿਹੀ ਬਣ ਚੁੱਕੀ ਹੈ ਕਿ ਸਾਨੂੰ ਦੂਜਿਆਂ ਨੂੰ ਮਾੜਾ ਕਹਿਣ ਜਾਂ ਨੀਵਾਂ ਦਿਖਾਉਣ ਵਿੱਚ ਵੱਧ ਮਜ਼ਾ ਆਉਂਦਾ ਹੈ, ਇਸ ਨਾਲ ਸਾਡੀ ਹਉਮੈ ਨੂੰ ਪੱਠੇ ਪੈਂਦੇ ਹਨ, ਸਾਨੂੰ ਫੀਲਿੰਗ ਆਉਂਦੀ ਹੈ ਕਿ ਘੱਟੋ ਘੱਟ ਮੈਂ ਫਲਾਨੇ ਫਲਾਨੇ ਨਾਲ਼ੋਂ ਤਾਂ ਚੰਗਾ ਹਾਂ। ਇਸ ਕਰਕੇ ਅਸੀਂ ਆਪਣੇ ਆਪ ਨੂੰ ਨਹੀਂ ਸੁਧਾਰਦੇ? ਜੇ ਅਸੀਂ ਦੂਜਿਆਂ ਨੂੰ ਆਪਣੇ ਤੋਂ ਚੰਗਾ ਸਮਝੀਏ ਤਾਂ ਸਾਡੇ ਵਿੱਚ ਵੀ ਚੰਗਾ ਬਣਨ ਲਈ ਉਤਸ਼ਾਹ ਪੈਦਾ ਹੋਵੇਗਾ, ਪਰ ਦੂਜਿਆਂ ਨੂੰ ਨੀਵਾਂ ਜਾਂ ਘਟੀਆ ਦੇਖਣ ਨਾਲ ਸਾਨੂੰ ਲਗਦਾ ਹੈ ਕਿ ਮੈ ਤਾਂ ਬਿਲਕੁਲ ਠੀਕ ਹਾਂ। ਜਿਸ ਨਾਲ ਸੁਧਾਰ ਦੇ ਸਭ ਰਸਤੇ ਬੰਦ ਹੋ ਜਾਂਦੇ ਹਨ। ਆਓ! ਆਪਣੀਆਂ ਸੋਚਾਂ ਨੂੰ ਸਾਕਾਰਤਮਕ ਬਣਾਉਣ ਦੀ ਕੋਸ਼ਿਸ਼ ਕਰੀਏ ਦੂਜਿਆਂ ਨੂੰ ਜੱਜ ਕਰਨਾ ਛੱਡੀਏ।
ਹਰਚਰਨ ਸਿੰਘ ਪ੍ਰਹਾਰ