ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿਖੇ ਥੀਏਟਰ ਅਤੇ ਫਿ਼ਲਮ ਪ੍ਰੋਡਕਸ਼ਨ ਵਿਭਾਗ ਵੱਲੋਂ ਕਰਵਾਏ ਜਾ ਰਹੇ ਚਾਰ ਰੋਜ਼ਾ ‘ਰੰਗਮੰਚ ਉਤਸਵ’ ਦੇ ਤੀਜੇ ਦਿਨ ‘ਸੰਨ 2025’ ਨਾਟਕ ਦੀ ਸਫਲ ਪੇਸ਼ਕਾਰੀ ਹੋਈ। ‘ਦਾ ਲੈਬੋਰਟਰੀ’ ਨਾਮਕ ਥੀਏਟਰ ਗਰੁੱਪ ਵੱਲੋਂ ਕੀਤੀ ਇਸ ਪੇਸ਼ਕਾਰੀ ਦਾ ਨਿਰਦੇਸਨ ਸ਼ੋਭਿਤ ਮਿਸ਼ਰਾ ਵੱਲੋਂ ਕੀਤਾ ਗਿਆ ਸੀ। ਤਕਰੀਬਨ ਸਵਾ ਘੰਟੇ ਦਾ ਇਹ ਨਾਟਕ ਹਿੰਦੀ ਭਾਸ਼ਾ ਵਿੱਚ ਪੇਸ਼ ਕੀਤਾ ਗਿਆ। ਸਵਿਸ-ਜਰਮਨ ਨਾਟਕਕਾਰ ਫ੍ਰੀਡਰਿਕ ਡੂਰੇਨਮੈਟ ਵੱਲੋਂ ਲਿਖੇ ਇਸ ਨਾਟਕ ਨੂੰ ਪੀਯੂਸ਼ ਮਿਸ਼ਰਾ ਵੱਲੋਂ ਰੂਪਾਂਤਿਰਤ ਕੀਤਾ ਗਿਆ ਹੈ। ਰਹੱਸ ਅਤੇ ਥ੍ਰਿੱਲਰ ਸ਼ੈਲੀ ਇਹ ਨਾਟਕ ਦਿੱਲੀ ਵਿੱਚ ਹੋਏ ਸਮੂਹਿਕ ਬਲਾਤਕਾਰ ਦੇ ਕੇਸ ਨੂੰ ਵੀ ਉਜਾਗਰ ਕਰਦਾ ਵਿਖਾਈ ਦਿੱਤਾ। ਨਾਟਕ ਵਿਚਲੀ ਕਹਾਣੀ ਇੱਕ ਅਪਰਾਧੀ ਨਾਵਲਕਾਰ ਧੀਰਜ ਬ੍ਰਹਮਾਤਮੇ ਦੇ ਜੀਵਨ ਦੁਆਲੇ ਘੁੰਮਦੀ ਹੈ ਜੋ ਆਪਣੀਆਂ ਲਿਖਤਾਂ ਦੇ ਨਾਲ-ਨਾਲ ਆਪਣੇ ਵਿਵਾਦਪੂਰਨ ਜੀਵਨ ਲਈ ਬਹੁਤ ਮਸ਼ਹੂਰ ਹੈ,ਗੜਗੜ ਸੂਫੀ ਨਾਮਕ ਇੱਕ ਨਿੱਜੀ ਜਾਸੂਸ ਨੂੰ ਧੀਰਜ ਦੀਆਂ ਲਿਖਤਾਂ ਅਤੇ ਅਸਲ ਸੰਸਾਰ ਵਿੱਚ ਵਾਪਰੀਆਂ ਹੱਤਿਆਵਾਂ ਵਿਚਕਾਰ ਇੱਕ ਰਿਸ਼ਤੇ ਦਾ ਪਤਾ ਲੱਗਦਾ ਹੈ। ਗੜਗੜ ਸੂਫ਼ੀ ਨੂੰ ਪਤਾ ਲੱਗਦਾ ਹੈ ਕਿ ਪ੍ਰਸਿੱਧ ਨਾਵਲਕਾਰ ਲੇਖਕ ਨਹੀਂ, ਸਗੋਂ ਇੱਕ ਸੀਰੀਅਲ ਕਿਲਰ ਹੈ ਜੋ ਆਪਣੇ ਨਾਵਲਾਂ ਦੇ ਪਲਾਟ, ਅਪਰਾਧ ਬਣਾਉਂਦਾ ਹੈ। ਹਾਲਾਂਕਿ, ਅੰਤ ਵਿੱਚ, ਜਾਸੂਸ ਵੀ ਨਾਵਲਕਾਰ ਅਤੇ ਉਸਦੇ ਅਗਲੇ ਨਾਵਲ ਦੇ ਪਲਾਟ ਦਾ ਸਿ਼ਕਾਰ ਹੋ ਜਾਂਦਾ ਹੈ। ਨਾਟਕ ਦੀ ਸ਼ੁਰੂਆਤ ਬਰਮਾਤਮੇ ਨੇ ਆਪਣੇ ਆਪ ਨੂੰ ਇੱਕ ਸ਼ਰਾਬੀ ਅਤੇ ਤੀਵੀਂਬਾਜ਼ ਦੇ ਰੂਪ ਵਿੱਚ ਪੇਸ਼ ਕਰਨ ਨਾਲ ਕੀਤੀ।
ਜਲਦੀ ਹੀ, ਸੂਫੀ ਉਸਦੇ ਕਮਰੇ ਵਿੱਚ ਆ ਗਿਆ। ਜਿਵੇਂ-ਜਿਵੇਂ ਨਾਟਕ ਅੱਗੇ ਵਧਦਾ ਹੈ, ਸੂਫ਼ੀ ਸਾਬਤ ਕਰਦਾ ਹੈ ਕਿ ਬਰਮਾਤਮੇ ਦੇ ਸਾਰੇ ਨਾਵਲਾਂ ਦੇ ਪਲਾਟ ਅਸਲ ਘਟਨਾਵਾਂ ਸਨ, ਅੰਤ ਵਿੱਚ, ਬਰਮਾਤਮੇ ਨੇ ਕਬੂਲ ਕੀਤਾ ਕਿ ਉਹ ਕਾਤਲ ਹੈ ਅਤੇ ਸੂਫ਼ੀ ਬਾਲਕੋਨੀ ਤੋਂ ਛਾਲ ਮਾਰਦਾ ਹੈ ਅਤੇ ਦਰਸ਼ਕਾਂ ਨੂੰ ਸੂਚਿਤ ਕਰਦਾ ਹੈ ਕਿ ਇਹ ਉਸ ਦੀ ਸਾਜਿਸ਼ ਸੀ। ਨਾਟਕ ਵਿੱਚ ਦਲਜੀਤ ਸਿੰਘ, ਜੁਗਲ ਕੌਸ਼ਲ, ਹੈਪੀ ਬੋਕੋਲੀਆ, ਮਨਪ੍ਰੀਤ ਕੌਰ ਅਤੇ ਰਮਨਦੀਪ ਕੌਰ ਵੱਲੋਂ ਆਪਣੀਆਂ ਭੂਮਿਕਾਵਾਂ ਸ਼ਾਨਦਾਰ ਢੰਗ ਨਾਲ਼ ਨਿਭਾਈਆਂ ਗਈਆਂ। ਬੈਕਸਟੇਜ ਉੱਤੇ ਕੰਮ ਕਰਨ ਵਾਲੇ ਕਲਾਕਾਰਾਂ ਵਿੱਚ ਦਵਿੰਦਰ ਸਿੱਧੂ, ਬਲਜੀਤ ਸੰਧੂ, ਅੰਕਪ੍ਰੀਤ ਨੈਨ, ਵਿਨੋਦ ਕੁਮਾਰ ਅਤੇ ਹੈਪੀ ਚਹਿਲ ਸ਼ਾਮਿਲ ਰਹੇ। ਅਦਾਕਾਰਾਂ ਦਾ ਮੇਕਅਪ ਹੈਪੀ ਬੋਕੋਲੀਆ ਨੇ ਕੀਤਾ। ਪੇਸ਼ਕਾਰੀ ਦੇ ਅੰਤ ਵਿੱਚ ‘ਰੰਗਮੰਚ ਉਤਸਵ’ ਦੇ ਕੋਆਰਡੀਨੇਟਰ ਡਾ. ਜਸਪਾਲ ਦਿਉਲ ਵੱਲੋਂ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ।