ਨਵੀਂ ਦਿੱਲੀ : ਕੋਰੋਨਾ ਮਹਾਂਮਾਰੀ ਤੋਂ ਬਚਾਅ ਦਾ ਟੀਕਾ ਬਣਾਉਣ ਵਾਲੀ ਕੰਪਨੀ ਸੀਰਮ ਇੰਸਟੀਚਿਊਟ ਆਫ਼ ਇੰਡੀਆ (ਐਸਆਈਆਈ) ਦੇ ਸੀਈਓ ਅਦਾਰ ਪੂਨਾਵਾਲਾ ਨੇ ਕਿਹਾ ਹੈ ਕਿ ਕੋਵਿਡ-19 ਦੇ ਟੀਕੇ ‘ਕੋਵੀਸ਼ੀਲਡ’ ਦਾ ਉਤਪਾਦਨ ਪੂਰੇ ਜ਼ੋਰਾਂ ’ਤੇ ਚੱਲ ਰਿਹਾ ਹੈ। ਬਹਿਰਹਾਲ, ਉਹ ਜਦ ਦੇਸ਼ ਪਰਤਣਗੇ ਤਾਂ ਪੂਰੀ ਪ੍ਰਕ੍ਰਿਆ ਦੀ ਸਮੀਖਿਆ ਕਰਨਗੇ। ਪੂਨਾਵਾਲਾ ਇਸ ਵੇਲੇ ਬਰਤਾਨੀਆ ਵਿਚ ਹਨ ਜਿਥੇ ਉੋਹ ਅਪਣੇ ਪਰਵਾਰ ਦੇ ਜੀਆਂ ਨੂੰ ਮਿਲਣ ਗਏ ਹਨ। ਪੂਨਾਵਾਲਾ ਨੇ ਟਵਿਟਰ ’ਤੇ ਕਿਹਾ, ‘ਬ੍ਰਿਟੇਨ ਵਿਚ ਅਪਣੇ ਸਾਰੇ ਭਾਈਵਾਲਾਂ ਅਤੇ ਸਬੰਧਤ ਧਿਰਾਂ ਨਾਲ ਬਹੁਤ ਚੰਗੀ ਬੈਠਕ ਹੋਈ। ਇਹ ਦਸਦਿਆਂ ਮੈਨੂੰ ਖ਼ੁਸ਼ੀ ਹੋ ਰਹੀ ਹੈ ਕਿ ਪੁਣੇ ਵਿਚ ਕੋਵੀਸ਼ੀਲਡ ਦਾ ਉਤਪਾਦਨ ਪੂਰੇ ਜ਼ੋਰਾਂ ’ਤੇ ਹੈ। ਕੁਝ ਹੀ ਦਿਨ ਵਿਚ ਭਾਰਤ ਮੁੜਨ ’ਤੇ ਮੈਂ ਉਤਪਾਦਨ ਕਾਰਜ ਦੀ ਸਮੀਖਿਆ ਕਰਾਂਗਾ।’ ਭਾਰਤ ਵਿਚ ਕੋਵਿਡ ਟੀਕਾਕਰਨ ਦੇ ਤੀਜੇ ਪੜਾਅ ਦੀ ਸ਼ੁਰੂਆਤ ਹੋ ਚੁੱਕੀ ਹੈ ਜਿਸ ਦੌਰਾਨ 18 ਸਾਲ ਤੋਂ ਉਪਰਲੇ ਸਾਰੇ ਵਿਅਕਤੀਆਂ ਨੂੰ ਟੀਕੇ ਲਾਏ ਜਾਣੇ ਹਨ।