ਸੂਬੇ ਦੀ ਖੁਸ਼ਹਾਲੀ ਅਤੇ ਬਰਾਬਰਤਾ ਦੇ ਹੱਕਾਂ ਲਈ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦਾ ਸਾਥ ਦਿਓ: ਮਾਨ
ਮਾਲੇਰਕੋਟਲਾ : ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਨੇ ਅੱਜ ਜ਼ਿਲ੍ਹਾ ਮਾਲੇਰਕੋਟਲਾ ਦੇ ਦੌਰੇ ਦੌਰਾਨ ਚੱਕ ਸੇਖੂਪੁਰ ਕਲਾਂ, ਚੱਕ ਸੇਖੂਪੁਰ ਖੁਰਦ, ਝਨੇਰ ਅਤੇ ਧਲੇਰਾਂ ਕਲਾਂ ਪਿੰਡਾਂ ਵਿੱਚ ਸੰਗਤ ਦਰਸ਼ਨ ਕੀਤੇ | ਇਸ ਦੌਰਾਨ ਪਿੰਡ ਵਾਸੀਆਂ ਵੱਲੋਂ ਸ. ਮਾਨ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਪਿੰਡ ਵਾਸੀਆਂ ਦੀਆਂ ਮੰਗਾਂ ਅਤੇ ਮੁਸ਼ਕਿਲਾਂ ਤੋਂ ਐਮ.ਪੀ. ਸੰਗਰੂਰ ਸ. ਮਾਨ ਨੂੰ ਜਾਣੂ ਕਰਵਾਇਆ ਗਿਆ | ਉਪਰੋਕਤ ਪਿੰਡਾਂ ਵਿੱਚ ਮਿਲੇ ਪਿਆਰ ਤੇ ਸਤਿਕਾਰ ਲਈ ਹਾਜਰ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਸ. ਮਾਨ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਵੱਲੋਂ ਧਿਆਨ ਵਿੱਚ ਲਿਆਂਦੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਵੱਲੋਂ ਪਿਛਲੀ ਜਿਮਨੀ ਚੋਣ ਵਿੱਚ ਮੈਨੂੰ ਜਿਤਾ ਕੇ ਜੋ ਜਿੰਮੇਵਾਰੀ ਸੌਂਪੀ ਗਈ ਸੀ, ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕੀਤੀ ਗਈ ਹੈ | ਐਮ.ਪੀ. ਕੋਟੇ ਤਹਿਤ ਮਿਲੀ ਗ੍ਰਾਂਟ ਨੂੰ ਹਲਕੇ ਦੇ ਸਾਰੇ ਵਰਗਾਂ ਵਿੱਚ ਬਿਨ੍ਹਾਂ ਪੱਖਪਾਤ ਅਤੇ ਬਿਨ੍ਹਾਂ ਦੇਰੀ ਤੋਂ ਵੰਡਿਆ ਗਿਆ ਹੈ | ਲੋਕ ਸਭਾ ਹਲਕੇ ਦੇ ਅਪਾਹਿਜਾਂ ਵੀਰਾਂ ਦੀ ਨੁੰਮਾਇੰਦਗੀ ਕਰਦੇ ਹੋਏ ਵੱਡੀ ਗਿਣਤੀ ਅਪਾਹਿਜਾਂ ਨੂੰ ਨਕਲੀ ਅੰਗ, ਮੋਟਰਰਾਇਜਡ ਟ੍ਰਾਈਸਾਈਕਲਾਂ ਅਤੇ ਹੋਰ ਸਹਾਇਕ ਉਪਕਰਨ ਵੰਡੇ ਗਏ ਹਨ, ਤਾਂ ਜੋ ਉਨ੍ਹਾਂ ਦੀ ਜਿੰਦਗੀ ਨੂੰ ਵੀ ਸੌਖਾ ਬਣਾਇਆ ਜਾ ਸਕੇ | ਅਨੇਕਾਂ ਹੀ ਕੈਂਸਰ ਪੀੜਤ ਮਰੀਜਾਂ ਦੇ ਇਲਾਜ ਲਈ ਆਰਥਿਕ ਸਹਾਇਤਾ ਦਿਵਾਈ ਗਈ ਹੈ | ਇਸ ਤੋਂ ਇਲਾਵਾ ਕੱਚੇ ਘਰਾਂ ਵਾਲਿਆਂ ਨੂੰ ਪੱਕੇ ਘਰਾਂ ਲਈ ਰਾਸ਼ੀ, ਗਰੀਬ ਪਰਿਵਾਰਾਂ ਨੂੰ ਲੈਟਰੀਨ-ਬਾਥਰੂਮ ਬਨਾਉਣ ਲਈ ਆਰਥਿਕ ਸਹਿਯੋਗ ਤੋਂ ਇਲਾਵਾ ਐਮ.ਪੀ. ਲੈਂਡ ਅਧੀਨ ਆਉਂਦੀਆਂ ਵੱਖ-ਵੱਖ ਯੋਜਨਾਵਾਂ ਤਹਿਤ ਹਲਕਾ ਨਿਵਾਸੀਆਂ ਨੂੰ ਹਰ ਤਰ੍ਹਾਂ ਦਾ ਲਾਭ ਪਹੁੰਚਾਉਣ ਲਈ ਪੂਰੀ ਲਗਨ ਨਾਲ ਕੰਮ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਤੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਹਲਕੇ ਦੇ ਮੁਕੰਮਲ ਬਿਜਲੀ ਨਵੀਨੀਕਰਨ ਦਾ ਪ੍ਰੋਜੈਕਟ ਵੀ ਮੰਜੂਰ ਕਰਵਾਇਆ ਗਿਆ ਹੈ, ਜਿਨ੍ਹਾਂ ਨਾਲ ਬਿਜਲੀ ਨਾਲ ਸਬੰਧਤ ਸਾਰੀਆਂ ਮੁਸ਼ਕਿਲਾਂ ਦਾ ਹੱਲ ਹੋ ਜਾਵੇਗਾ | ਇਸ ਪ੍ਰੋਜੈਕਟ ਦਾ ਲਾਭ 2025 ਤੱਕ ਸਾਰੇ ਹਲਕਾ ਨਿਵਾਸੀਆਂ ਨੂੰ ਮਿਲਣਾ ਸ਼ੁਰੂ ਹੋ ਜਾਵੇਗਾ | ਸ. ਮਾਨ ਨੇ ਕਿਹਾ ਕਿ ਪੈਸੇ ਅਤੇ ਸਮੇਂ ਦੀ ਘਾਟ ਕਰਕੇ ਅਨੇਕਾਂ ਕੰਮ ਅਧੂਰੇ ਰਹਿ ਗਏ ਹਨ, ਜੋ ਤੁਹਾਡੇ ਸਾਰਿਆਂ ਦੇ ਸਹਿਯੋਗ ਸਦਕਾ ਆਉਣ ਵਾਲੇ ਸਮੇਂ ਵਿੱਚ ਪਹਿਲ ਦੇ ਆਧਾਰ 'ਤੇ ਪੂਰੇ ਕੀਤੇ ਜਾਣਗੇ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬਰਾਬਰਤਾ ਦਾ ਹੱਕਾਂ ਅਤੇ ਪੰਜਾਬ ਦੀ ਖੁਸ਼ਹਾਲੀ ਲਈ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦਾ ਸਾਥ ਦਿੱਤਾ ਜਾਵੇ, ਤਾਂ ਜੋ ਵੋਟ ਬੈਂਕ ਦੇ ਆਧਾਰ 'ਤੇ ਘੱਟ ਗਿਣਤੀ ਵਰਗਾਂ ਨਾਲ ਹੋਣ ਵਾਲੀ ਧੱਕੇਸ਼ਾਹੀ ਨੂੰ ਰੋਕਿਆ ਜਾ ਸਕੇ | ਇਸ ਮੌਕੇ ਜਥੇਬੰਦਕ ਸਕੱਤਰ ਗੋਵਿੰਦ ਸਿੰਘ ਸੰਧੂ, ਹਰਦੇਵ ਸਿੰਘ ਪੱਪੂ ਕਲਿਆਣ, ਮਾਸਟਰ ਕਰਨੈਲ ਸਿੰਘ ਨਾਰੀਕੇ, ਸਰਪੰਚ ਧਰਮਿੰਦਰ ਸਿੰਘ, ਬਿੱਟੂ ਚੌਹਾਨ, ਹਰਜੀਤ ਸਿੰਘ ਸੰਜੂਮਾਂ, ਅਵਤਾਰ ਸਿੰਘ ਚੱਕ, ਚਮਕੌਰ ਸਿੰਘ ਚੱਕ, ਪਲਵਿੰਦਰ ਸਿੰਘ ਤਲਵਾੜਾ, ਹਰਬੰਸ ਸਿੰਘ ਸਲੇਮਪੁਰ, ਜਥੇਦਾਰ ਗੁਰਨੈਬ ਸਿੰਘ ਰਾਮਪੁਰਾ, ਬਹਾਦਰ ਸਿੰਘ ਭਸੌੜ, ਸ਼ਹਿਬਾਜ ਸਿੰਘ ਡਸਕਾ, ਗੁਰਜੰਟ ਸਿੰਘ ਕੱਟੂ, ਗੁਰਪ੍ਰੀਤ ਸਿੰਘ ਖੁੱਡੀ, ਓਕਾਂਰ ਸਿੰਘ ਭਦੌੜ, ਬਿੱਕਰ ਸਿੰਘ ਧਨੋਅ, ਹਰਦੀਪ ਸਿੰਘ ਯੂਥ ਪ੍ਰਧਾਨ, ਤਰਕਸ਼ਦੀਪ ਸਿੰਘ, ਉਪਿੰਦਰਪ੍ਰਤਾਪ ਸਿੰਘ ਤੋਂ ਇਲਾਵਾ ਮਾਲੇਰਕੋਟਲਾ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਹਾਜਰ ਸੀ