ਪਟਿਆਲਾ :ਖੋਜ ਅਤੇ ਲੇਖਣ ਦੇ ਮਿਆਰ ਨੂੰ ਉੱਚਾ ਚੁੱਕਣ ਦੀ ਜ਼ਰੂਰਤ ’ਤੇ ਜ਼ੋਰ ਦਿੰਦੇ ਹੋਏ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਅਰਵਿੰਦ ਨੇ ਕਿਹਾ ਕਿ ਗੈਰ-ਮਿਆਰੀ ਕੰਮ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ। ਅੱਜ ਸੈਨੇਟ ਹਾਲ ਵਿਖੇ ‘ਸਮਕਾਲੀ ਅਕਾਦਮਿਕ ਸੱਭਿਆਚਾਰ ਵਿੱਚ ਸਾਹਿਤ ਅਧਿਐਨ’ ਵਿਸ਼ੇ ਉੱਤੇ ਪ੍ਰੋ. ਰਾਜੇਸ਼ ਸ਼ਰਮਾ ਵੱਲੋਂ ਲਿਖੀ ਪੁਸਤਕ ‘ਸਾਹਿਤ, ਸ਼ਬਦ ਅਤੇ ਸੰਸਾਰ’ ਦੇ ਹਵਾਲੇ ਨਾਲ਼ ਕੀਤੀ ਗਈ ਵਿਚਾਰ ਚਰਚਾ ਦੌਰਾਨ ਪ੍ਰੋਫੈਸਰ ਅਰਵਿੰਦ ਨੇ ਕਿਹਾ ਕਿ ਵਰਤਮਾਨ ਸਮੇਂ ਗੈਰ-ਮਿਆਰੀ ਕੰਮ ਦੇ ਰੁਝਾਨ ਨੂੰ ਖ਼ਤਮ ਕਰਨ ਅਤੇ ਮਿਆਰੀ ਕੰਮ ਨੂੰ ਅੱਗੇ ਵਧਾਉਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਉਹਨਾਂ ਕਿਹਾ ਕਿ ਕਿਸੇ ਵੀ ਖੋਜ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਗਾਈਡ ਦੀ ਅਹਿਮ ਭੂਮਿਕਾ ਹੁੰਦੀ ਹੈ।
ਇਸ ਕਰਕੇ ਇਸ ਸਬੰਧ ਵਿੱਚ ਗਾਈਡ ਵਿੱਚ ਜਾਗਰੂਕਤਾ ਲਿਆਉਣ ਦੀ ਜ਼ਰੂਰਤ ਹੈ। ਵਾਈਸ ਚਾਂਸਲਰ ਨੇ ਕਿਹਾ ਕਿ ਖੋਜ ਕਾਰਜਾਂ ਦੇ ਸਬੰਧ ਵਿੱਚ ਗਾਈਡ ਦੀ ਜਵਾਬਦੇਹੀ ਨਿਰਧਾਰਤ ਕਰਨੀ ਚਾਹੀਦੀ ਹੈ ਅਤੇ ਗੈਰ ਮਿਆਰੀ ਕੰਮ ਵਾਸਤੇ ਉਸ ਦਾ ਕੋਈ ਵੀ ਬਹਾਨਾ ਨਹੀਂ ਸੁਣਨਾ ਚਾਹੀਦਾ। ਪ੍ਰੋਫੈਸਰ ਅਰਵਿੰਦ ਨੇ ਕਿਹਾ ਕਿ ਯੂਨੀਵਰਸਿਟੀਆਂ ਵਿੱਚ ਹਰ ਵਿਸ਼ੇ ’ਤੇ ਸੰਵਾਦ ਹੋਣ ਦੇ ਨਾਲ ਨਾਲ ਵਿਸ਼ਿਆਂ ਵਿੱਚ ਵੀ ਆਪਸੀ ਸੰਵਾਦ ਦੀ ਲੋੜ ਹੈ। ‘ਸਾਹਿਤ, ਸ਼ਬਦ ਅਤੇ ਸੰਸਾਰ’ ਪੁਸਤਕ ਦੇ ਹਵਾਲੇ ਨਾਲ ਗੱਲ ਕਰਦੇ ਹੋਏ ਵਾਈਸ ਚਾਂਸਲਰ ਨੇ ਕਿਹਾ ਕਿ ਯੂਨੀਵਰਸਿਟੀਆਂ ਵਿੱਚ ਅਕਾਦਮਿਕ ਕੰਮ ਦੇ ਨਾਲ ਨਾਲ ਅਜਿਹੇ ਸਾਹਿਤਕ ਪ੍ਰੋਗਰਾਮਾਂ ਦੀ ਵੀ ਜ਼ਰੂਰਤ ਹੈ ਜਿਨਾਂ ਦੇ ਨਾਲ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਹੁੰਦਾ ਹੈ।
ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਜੇ.ਐਨ.ਯੂ. ਦੇ ਪ੍ਰੋਫੈਸਰ ਹਰਜੀਤ ਸਿੰਘ ਗਿੱਲ ਨੇ ਪੁਸਤਕ ਦੇ ਹਵਾਲੇ ਨਾਲ਼ ਗੱਲ ਕਰਦੇ ਹੋਏ ਮੌਜੂਦਾ ਸਾਹਿਤ ਦੇ ਸਬੰਧ ਵਿੱਚ ਗੰਭੀਰ ਮੁੱਦੇ ਉਠਾਏ। ਇਸ ਮੌਕੇ ‘ਸਾਹਿਤ, ਸ਼ਬਦ ਅਤੇ ਸੰਸਾਰ’ ਦੇ ਲੇਖਕ ਡਾ. ਰਾਜੇਸ਼ ਸ਼ਰਮਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਤੋਂ ਪਹਿਲਾਂ ਅੰਗਰੇਜ਼ੀ ਵਿਭਾਗ ਦੀ ਮੁਖੀ ਡਾ. ਜਿਓਤੀ ਪੁਰੀ ਨੇ ਸਵਾਗਤੀ ਭਾਸ਼ਣ ਦਿੱਤਾ ਅਤੇ ਵਿਸ਼ੇ ਨਾਲ ਜਾਣ ਪਛਾਣ ਕਰਵਾਈ। ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਸੁੁਰਜੀਤ ਵੀ ਹਾਜ਼ਰ ਸਨ।