ਹੁਣ ਤੱਕ 3099 ਵਿਅਕਤੀਆਂ ਨੇ ਕਰੋਨਾ ’ਤੇ ਫਤਹਿ ਪਾਈ
ਬਰਨਾਲਾ,: ਜ਼ਿਲਾ ਬਰਨਾਲਾ ਵਿਚ ਹੁਣ ਤੱਕ 2723 ਕਰੋਨਾ ਮਰੀਜ਼ਾਂ ਨੇ ਘਰਾਂ ਵਿਚ ਇਕਾਂਤਵਾਸ ਰਹਿ ਕੇ ਇਲਾਜ ਕਰਾਇਆ ਹੈ। ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਬਰਨਾਲਾ ਡਾ. ਹਰਿੰਦਰਜੀਤ ਸਿੰਘ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਕਾਰਨ ਹੁਣ ਤੱਕ ਜ਼ਿਲਾ ਬਰਨਾਲਾ ਵਿੱਚ 3711 ਵਿਅਕਤੀ ਕੋਰੋਨਾ ਤੋਂ ਪੀੜਤ ਪਾਏ ਗਏ ਹਨ। ਕੋਰੋਨਾ ਬਿਮਾਰੀ ਦੇ ਚੁਣੌਤੀ ਭਰੇ ਮਾਹੌਲ ਵਿੱਚ ਸਿਹਤ ਵਿਭਾਗ ਵੱਲੋਂ ਦਿੱਤੀਆਂ ਸੇਵਾਵਾਂ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਦਿੱਤੇ ਸਹਿਯੋਗ ਨਾਲ 3099 ਵਿਅਕਤੀ ਠੀਕ ਹੋ ਕੇ ਘਰ ਜਾ ਚੁੱਕੇ ਹਨ।
ਉਨਾਂ ਦੱਸਿਆ ਕਿ ਜ਼ਿਲੇ ਵਿਚ 2723 ਕੋਰੋਨਾ ਮਰੀਜ਼ਾਂ ਨੇ ਘਰਾਂ ਵਿਚ ਇਕਾਂਤਵਾਸ ਹੋ ਕੇ ਰੈਪਿਡ ਰਿਸਪਾਂਸ ਟੀਮਾਂ ਦੀ ਨਿਗਰਾਨੀ ਵਿਚ ਕੋਰੋਨਾ ’ਤੇ ਫਤਹਿ ਪਾਈ ਹੈ ਅਤੇ 374 ਮਰੀਜ਼ਾਂ ਦਾ ਘਰਾਂ ਵਿਚ ਇਲਾਜ ਜਾਰੀ ਹੈ। ਉਨਾਂ ਦੱਸਿਆ ਕਿ ਜਿਹੜੇ ਮਰੀਜ਼ਾਂ ਨੂੰ ਦਾਖਲ ਕਰਨ ਦੀ ਜ਼ਰੂਰਤ ਸੀ, ਉਨਾਂ 139 ਮਰੀਜ਼ਾਂ ਦਾ ਇਲਾਜ ਸੋਹਲ ਪੱਤੀ ਬਰਨਾਲਾ, ਸੀਐਚਸੀ ਮਹਿਲ ਕਲਾਂ, ਜ਼ਿਲਾ ਜੇਲ ਬਰਨਾਲਾ ਤੇ ਹੋਰ ਵੱਖ-ਵੱਖ ਥਾਈਂ ਇਲਾਜ ਚੱਲ ਰਿਹਾ ਹੈ। ਉਨਾਂ ਦੱਸਿਆ ਕਿ ਹੁਣ ਤੱਕ ਜ਼ਿਲਾ ਬਰਨਾਲਾ ਵਿਚ 99938 ਵਿਅਕਤੀਆਂ ਦੀ ਸੈਂਪਿਗ ਹੋ ਚੁੱਕੀ ਹੈ, ਜਿਨਾਂ ਵਿਚੋਂ 3711 ਹੁਣ ਤੱਕ ਪਾਜ਼ੇਟਿਵ ਪਾਏ ਗਏ ਅਤੇ 3099 ਵਿਅਕਤੀ ਸਿਹਤਯਾਬ ਹੋ ਚੁੱਕੇ ਹਨ। 1 ਮਈ ਦੀ ਰਿਪੋਰਟ ਅਨੁਸਾਰ ਜ਼ਿਲੇ ਵਿਚ ਐਕਟਿਵ ਕੇਸ 513 ਹਨ।
ਇਸ ਮੌਕੇ ਜ਼ਿਲਾ ਮਾਸ ਮੀਡੀਆ ਤੇ ਸੂਚਨਾ ਅਫਸਰ ਕੁਲਦੀਪ ਸਿੰਘ ਮਾਨ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਸਿਹਤ ਵਿਭਾਗ ਦੇ ਕਰਮਚਾਰੀਆਂ/ਅਧਿਕਾਰੀਆਂ ਵੱਲੋਂ ਜਾਗਰੂਕਤਾ ਗਤੀਵਿਧੀਆਂ ਜਾਰੀ ਹਨ। ਉਨਾਂ ਕਿਹਾ ਕਿ ਪੈਂਫਲੈਟ, ਪੋਸਟਰਾਂ, ਫਲੈਕਸ ਬੈਨਰ ਤੇ ਅਨਾਊਂਸਮੈਂਟਾਂ ਰਾਹੀਂ ਜ਼ਰੂਰੀ ਸਾਵਧਾਨੀਆਂ ਜਿਵੇਂ ਮਾਸਕ ਲਗਾਉਣ, ਘੱਟੋ ਘੱਟ 6 ਫੁੱਟ ਦੀ ਸਮਾਜਿਕ ਦੂਰੀ ਅਤੇ ਆਪਣੇ ਹੱਥ ਵਾਰ-ਵਾਰ ਸਾਬਣ ਪਾਣੀ ਨਾਲ ਧੋਣ, ਖਾਂਸੀ, ਜੁਕਾਮ, ਬੁਖਾਰ ਅਤੇ ਸਾਹ ਲੈਣ ਵਿਚ ਤਕਲੀਫ ਹੋਣ ’ਤੇ ਕੋਰੋਨਾ ਟੈਸਟ ਕਰਵਾਉਣ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।