ਸੁਨਾਮ : ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ (ਸੀਟੂ) ਦੇ ਸੂਬਾ ਕਮੇਟੀ ਮੈਂਬਰ ਅਤੇ ਸਾਬਕਾ ਸੂਬਾਈ ਵਿਦਿਆਰਥੀ ਆਗੂ ਕਾਮਰੇਡ ਵਰਿੰਦਰ ਕੌਸ਼ਿਕ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਸਕੂਲ ਆਫ ਐਮੀਨੈਂਸ ਅਤੇ ਸਮਾਰਟ ਸਕੂਲਾਂ ਦੀ ਗੱਲ ਕਰਦੀ ਨਹੀਂ ਥੱਕਦੀ ਪ੍ਰੰਤੂ ਪੰਜਾਬ ਦੇ ਸਕੂਲ਼ਾਂ ਅੰਦਰ 64 ਹਜ਼ਾਰ ਅੰਗਹੀਣ ਵਿਦਿਆਰਥੀਆਂ ਲਈ ਕੇਵਲ 386 ਵਿਸ਼ੇਸ਼ ਸਿੱਖਿਆ ਅਧਿਆਪਕ ਹੀ ਬੱਚਿਆ ਨੂੰ ਸਿੱਖਿਆ ਪ੍ਰਦਾਨ ਕਰ ਰਹੇ ਹਨ।ਕਾਮਰੇਡ ਵਰਿੰਦਰ ਕੌਸਿਕ ਨੇ ਪ੍ਰੈਸ ਬਿਆਨ ਵਿੱਚ ਕਿਹਾ ਕਿ 2022 ਰਾਈਟ ਟੂ ਇਨਫਰਮੇਸ਼ਨ ਐਕਟ ਚ ਸੋਧ ਹੋਣ ਦੇ 15 ਮਹੀਨਿਆਂ ਬਾਅਦ ਵੀ ਪੰਜਾਬ ਸਰਕਾਰ ਇੱਕ ਸਕੂਲ ਇੱਕ ਵਿਸ਼ੇਸ਼ ਸਿੱਖਿਆ ਅਧਿਆਪਕ ਦੀ ਨੀਤੀ ਨੂੰ ਲਾਗੂ ਨਹੀਂ ਕਰ ਰਹੀ ।ਇਸ ਦੇ ਉਲਟ ਪੰਜਾਬ ਸਰਕਾਰ ਵੱਲੋ ਵਿਸ਼ੇਸ਼ ਸਿੱਖਿਆ ਅਧਿਆਪਕਾਂ ਦੀ ਭਰਤੀ ਲਈ 2 ਸਾਲ ਦਾ ਹੋਰ ਸਮਾਂ ਮੰਗਿਆ ਗਿਆ ਹੈ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਸ਼ੁਰੂ ਕੀਤੀ ਗਈ ਬਿਜ਼ਨੈੱਸ ਬਲਾਸਟਰ ਯੋਜਨਾ ਤਹਿਤ 11ਵੀਂ ਜਮਾਤ ਦੇ ਹਰ ਵਿਦਿਆਰਥੀ ਲਈ 2000 ਹਜਾਰ ਰੁਪਏ ਦੇਣ ਦਾ ਜੋ ਵਾਅਦਾ ਕੀਤਾ ਸੀ ਉਹ ਵੀ ਅੱਜ ਤੱਕ ਪੰਜਾਬ ਸਰਕਾਰ ਵੱਲੋਂ ਪੂਰਾ ਨਹੀ ਕੀਤਾ ਗਿਆ। ਕਾਮਰੇਡ ਵਰਿੰਦਰ ਕੌਸ਼ਿਕ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਅੰਗਹੀਣ ਬੱਚਿਆਂ ਲਈ ਇੱਕ ਸਕੂਲ ਇੱਕ ਵਿਸ਼ੇਸ਼ ਸਿੱਖਿਆ ਅਧਿਆਪਕ ਦੀ ਨੀਤੀ ਲਾਗੂ ਕੀਤੀ ਜਾਵੇ ਅਤੇ ਬਿਜ਼ਨੈੱਸ ਬਲਾਸਟਰ ਤਹਿਤ 11ਵੀਂ ਕਲਾਸ ਪਾਸ ਕਰ ਚੁੱਕੇ ਵਿਦਿਆਰਥੀਆਂ ਨੂੰ ਬਿਨਾਂ ਦੇਰੀ ਦੋ ਹਜ਼ਾਰ ਰੁਪਏ ਦਿੱਤੇ ਜਾਣ।