ਸੁਨਾਮ : ਅਕੇਡੀਆ ਵਰਲਡ ਸਕੂਲ, ਸੁਨਾਮ ‘ਚ ਵਿਸਾਖੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਵਿਸਾਖੀ ਨੂੰ ਕਿਸਾਨੀ ਨਾਲ ਜੋੜਕੇ ਵੀ ਦੇਖਿਆ ਜਾਂਦਾ ਹੈ। ਇਸ ਵਿਸ਼ੇਸ਼ ਤਿਉਹਾਰ ਨੂੰ ਸਕੂਲ ‘ਚ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਨੇ ਰੰਗਾਰੰਗ ਤੇ ਵੱਖ-ਵੱਖ ਸਰਗਰਮੀਆਂ ਨਾਲ ਮਨਾਇਆ ਗਿਆ। ਸੱਤਵੀਂ ਜਮਾਤ ਦੀਆਂ ਵਿਦਿਆਰਥਣਾਂ ਮਨਜੋਤ ਕੌਰ ਅਤੇ ਐਸ਼ਮੀਤ ਕੌਰ ਵੱਲੋਂ ਸਟੇਜ ਦਾ ਸੰਚਾਲਨ ਕੀਤਾ ਗਿਆ।ਜਿਸਦੀ ਸ਼ੁਰੂਆਤ ਇੱਕ ਪੰਜਾਬੀ ਗੀਤ ਨਾਲ ਕੀਤੀ ਗਈ, ਜਿਸ ‘ਚ ਪੰਜਾਬ ਦੇ ਮਿਹਨਤੀ ਕਿਸਾਨਾਂ ਦਾ ਵਰਣਨ ਕੀਤਾ ਗਿਆ। ਸਮਰਪ੍ਰਤਾਪ ਸਿੰਘ ਨੇ ਵਿਸਾਖੀ ਦੇ ਇਤਿਹਾਸ ਨਾਲ ਸਬੰਧਿਤ ਭਾਸ਼ਣ ਦਿੱਤਾ। ਜਿਸ ‘ਚ ਵਿਸਾਖੀ ਦੇ ਦਿਨ ਖਾਲਸਾ ਪੰਥ ਦੀ ਸਾਜਨਾ ਅਤੇ ਜਲ੍ਹਿਆਂ ਵਾਲੇ ਬਾਗ ਦੇ ਦਿ੍ਸ਼ ਦਾ ਨਾਟਕੀ ਰੂਪ ਵਿੱਚ ਵਰਣਨ ਕੀਤਾ ਗਿਆ। ਸੱਤਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਗਿੱਧਾ ਅਤੇ ਭੰਗੜਾ ਪੇਸ਼ ਕੀਤਾ ਗਿਆ। ਸਕੂਲ ਦੇ ਡਾਂਸ ਅਧਿਆਪਕ ਅਮਨ ਕਿਰਾਰ ਅਤੇ ਮਿਊਜ਼ਿਕ ਟੀਚਰ ਕੌਸ਼ਲ ਨੇ ਬੱਚਿਆਂ ਨੂੰ ਇੰਨ੍ਹਾਂ ਪੇਸ਼ਕਾਰੀਆਂ ਲਈ ਤਿਆਰ ਕੀਤਾ। ਸਕੂਲ ‘ਚ ਸੱਭਿਆਚਾਰਕ ਪੋ੍ਗਰਾਮ ਦੌਰਾਨ ਵਿਦਿਆਰਥੀਆਂ ਨੇ ਭਾਰਤੀ ਸੰਵਿਧਾਨ ਨਿਰਮਾਤਾ ਡਾ. ਬੀ.ਆਰ ਅੰਬੇਡਕਰ ਜੀ ਦੇ ਸੰਦਰਭ ‘ਚ ਅਮੁੱਲ ਜਾਣਕਾਰੀ ਦਿੱਤੀ ਤੇ ਉਨ੍ਹਾਂ ਵੱਲੋਂ ਕੁਰੀਤੀਆਂ ਦੇ ਵਿਰੋਧ ਨੂੰ ਜੱਗ ਜਾਹਰ ਕੀਤਾ। ਸਕੂਲ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਅਤੇ ਪ੍ਰਿੰਸੀਪਲ ਮੈਡਮ ਰਣਜੀਤ ਕੌਰ ਨੇ ਇਸ ਮੌਕੇ ਸਾਰੇ ਬੱਚਿਆਂ, ਸਟਾਫ਼ ਤੇ ਮਾਪਿਆਂ ਨੂੰ ਵਿਸਾਖੀ ਦੇ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਬੱਚਿਆਂ ਦੀ ਹੌਂਸਲਾ ਅਫਜਾਈ ਵੀ ਕੀਤੀ। ਇਸ ਮੌਕੇ ਓਮ ਨਰਾਇਣ, ਹਰਿੰਦਰ ਕੌਰ ਅਤੇ ਹੋਰ ਵੀ ਸਟਾਫ਼ ਮੈਂਬਰ ਮੌਜੂਦ ਸਨ।