ਪਟਿਆਲਾ : ਖਾਲਸਾ ਪੰਥ ਦੇ ਸਾਜਨਾ ਦਿਵਸ ਵੈਸਾਖੀ ਮੌਕੇ ਅੱਜ ਪਟਿਆਲਾ ਸ਼ਹਿਰ ਤੋਂ ਅਲੌਕਿਕ ਨਗਰ ਕੀਰਤਨ ਕੱਢਿਆ ਗਿਆ। ਇਹ ਨਗਰ ਕੀਰਤਨ ਸ਼ਹਿਰ ਦੇ ਵੱਖ ਵੱਖ ਬਜਾਰਾਂ ਵਿਚੋਂ ਹੁੰਦਾ ਹੋਇਆ ਅਨਾਰਦਾਨਾ ਚੌਂਕ ਪੁੱਜਾ, ਜਿੱਥੇ ਪਟਿਆਲਾ ਦੇ ਵਿਧਾਇਕ ਸ. ਅਜੀਤਪਾਲ ਸਿੰਘ ਕੋਹਲੀ ਨੇ ਆਪਣੀ ਟੀਮ ਸਮੇਤ ਨਗਰ ਕੀਰਤਨ ਦਾ ਸ਼ਰਧਾਪੂਰਵਕ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਨੇ ਪੰਜ ਪਿਆਰਿਆਂ ਨੂੰ ਸਿਰੋਪਾਓ ਦੀ ਬਖਸ਼ੀਸ਼ ਕੀਤੀ ਅਤੇ ਸ਼ਰਧਾਲੂਆਂ ਲਈ ਲੰਗਰ ਲਗਾਇਆ ਗਿਆ। ਇਸ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਸੰਗਤਾਂ ਨੂੰ ਖਾਲਸਾ ਸਾਜਨਾ ਦਿਹਾੜੇ ਦੀ ਵਧਾਈ ਦਿੱਤੀ ਅਤੇ ਦਸਮੇਸ਼ ਪਿਤਾ ਵੱਲੋਂ ਪ੍ਰਗਟ ਕੀਤੇ ਗਏ ਖਾਲਸਾ ਮੇਰੋ ਰੂਪ ਖ਼ਾਸ ਦੇ ਸਿਧਾਂਤ 'ਤੇ ਚਾਨਣਾ ਪਾਇਆ ਗਿਆ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਅਸੀਂ ਖਾਲਸੇ ਦੀ ਰਹਿਣੀ ਬਹਿਣੀ ਅਨੁਸਾਰ ਆਪਣਾ ਜੀਵਨ ਬਤੀਤ ਕਰੀਏ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਅਜਿਹੇ ਖਾਲਸੇ ਪੰਥ ਦੀ ਸਿਰਜਣਾ ਕੀਤੀ, ਜਿਸ ਦੀ ਦੁਨੀਆ ਦੇ ਕਿਸੇ ਵੀ ਧਰਮ ਵਿਚ ਮਿਸਾਲ ਨਹੀਂ ਮਿਲਦੀ ਹੈ।
ਉਨ੍ਹਾਂ ਸੰਗਤਾਂ ਨੂੰ ਜਾਣੂੰ ਕਰਵਾਇਆ ਕਿ ਅੱਜ ਦੇ ਇਸ ਪਵਿੱਤਰ ਦਿਹਾੜੇ 'ਤੇ ਸੰਗਤਾਂ ਨੂੰ ਘਰਾਂ ਦੀਆਂ ਛੱਤਾਂ 'ਤੇ ਕੇਸਰੀ ਝੰਡੇ ਲਹਿਰਾ ਕੇ ਜ਼ਬਰ ਜ਼ੁਲਮ ਦੇ ਖਿਲਾਫ਼ ਇਕਜੁੱਟਤਾ ਦਾ ਪ੍ਰਮਾਣ ਦੇਣਾ ਚਾਹੀਦਾ ਹੈ। ਇਸ ਮੌਕੇ ਪੁੱਜੀਆਂ ਸਖਸ਼ੀਅਤਾਂ ਨੂੰ ਸਿਰੋਪਾਓ ਦੀ ਬਖਸ਼ਿਸ਼ ਵੀ ਕੀਤੀ ਗਈ। ਇਸ ਮੌਕੇ ਤਿਰਲੋਕ ਸਿੰਘ ਤੋਰਾ, ਤਰਨਜੀਤ ਸਿੰਘ ਕੋਹਲੀ, ਜੋਗਿੰਦਰ ਸਿੰਘ ਛਾਂਗਾ, ਅਜੀਤ ਸਿੰਘ ਬਾਬੂ, ਰਵਿੰਦਰ ਪਾਲ ਸਿੰਘ ਬੰਟੂ, ਰਵਿੰਦਰ ਪਾਲ ਸਿੰਘ ਜੋਨੀ ਕੋਹਲੀ, ਗੁਰਿੰਦਰ ਸਿੰਘ ਬਿੱਟੂ, ਰਣਜੀਤ ਸਿੰਘ ਚੰਢੋਕ, ਹਰਪਾਲ ਸਿੰਘ ਬਿੱਟੂ, ਸ਼ਵਿੰਦਰ ਸਿੰਘ ਚੱਢਾ, ਜਗਤਾਰ ਸਿੰਘ ਤਾਰੀ, ਸਿਮਰਨਪ੍ਰੀਤ ਸਿੰਘ ਐਸਪੀ, ਅਮਰਜੀਤ ਸਿੰਘ ਦਾਰਾ, ਸੁਰਜੀਤ ਸਿੰਘ ਬਤਰਾ, ਬਲਵੀਰ ਸਿੰਘ ਦੀਪ, ਜਸਵੀਰ ਸਿੰਘ ਬਿੱਟੂ ਅਤੇ ਗੁਰਦੀਪ ਸਿੰਘ ਰਾਜੂ ਮੌਜੂਦ ਰਹੇ