ਪਟਿਆਲਾ : ਖਤਰਨਾਕ ਸੋਫਟਵੇਅਰ ਰੈਨਸਮ ਵੇਅਰ ਦੇ ਨਾਲ ਨਿਪਟਣ ਲਈ ਪੰਜਾਬੀ ਯੂਨੀਵਰਸਿਟੀ ਦੇ ਡਿਪਾਰਟਮੈਂਟ ਆਫ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਦੇ ਖੋਜਾਰਥੀ ਭਗਵੰਤ ਸਿੰਘ ਅਤੇ ਸਹਾਇਕ ਪ੍ਰੋਫੈਸਰ, ਡਾਕਟਰ ਸਿਕੰਦਰ ਸਿੰਘ ਚੀਮਾ ਨੇ ਇੱਕ ਡਿਜ਼ਾਇਨ ਨੂੰ ਪੇਟੈਂਟ ਕਰਾਇਆ ਹੈ। ਇਹ ਡਿਜ਼ਾਇਨ ਯੰਤਰ ਰੈਨਸਮ ਵੇਅਰ ਹਮਲੇ ਨੂੰ ਰੋਕਦਾ ਹੈ, ਉਸ ਬਾਰੇ ਜਾਣਕਾਰੀ ਲੈਂਦਾ ਹੈ। ਡਾ. ਚੀਮਾ ਅਤੇ ਖੋਜਾਰਥੀ ਭਗਵੰਤ ਸਿੰਘ ਨੇ ਦੱਸਿਆ ਕਿ ਰੈਨਸਮ ਵੇਅਰ ਇੱਕ ਖਤਰਨਾਕ ਸੋਫਟਵੇਅਰ ਹੈ, ਜੋ ਕਿ ਕੰਪਿਊਟਰ ਵਿੱਚਲੀਆ ਫਾਈਲਾਂ ਅਤੇ ਡਾਟਾ ਨੂੰ ਇਨਕ੍ਰਿਪਟ ਕਰ ਦਿੰਦਾ ਹੈ। ਰੈਨਸਮ ਵੇਅਰ ਫਾਈਲਾਂ ਤੇ ਡਾਟਾ ਨੂੰ ਨਾ ਵਰਤਨਯੋਗ ਬਨਾਉਂਦਾ ਹੈ। ਜੇਕਰ ਉਪਭੋਗਤਾ ਨੂੰ ਆਪਣਾ ਡੇਟਾ ਜਾਂ ਆਪਣੀਆਂ ਫਾਈਲਾਂ ਚਾਹੀਦੀਆਂ ਹਨ ਤਾਂ ਉਸ ਨੂੰ ਰੈਨਸਮ ਵੇਅਰ ਨਾਮ ਦਾ ਵਾਇਰਸ ਨੂੰ ਹਟਵਾਉਣ ਲਈ ਪੈਸੇ ਦੇਣੇ ਪੈਂਦੇ ਹਨ। ਉਨ੍ਹਾਂ ਦੱਸਿਆ ਕਿ ਰੈਨਸਮ ਵੇਅਰ ਇੱਕ ਬਹੁਤ ਹੀ ਘਾਤਕ ਸੋਫਟਵੇਅਰ ਹੈ ਜੋ ਕਿ ਕਿਸੇ ਵੀ ਪ੍ਰਕਾਰ ਦੇ ਵੱਡੇ ਜਾਂ ਛੋਟੇ ਕੰਪਿਊਟਰ ਨੂੰ ਖਰਾਬ ਕਰ ਦਿੰਦਾ ਹੈ। ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਕੰਪਿਊਟਰ ਦਾ ਅਸਲ ਮਾਲਕ ਆਪਣੀ ਕਿਸੇ ਵੀ ਫਾਈਲ ਜਾਂ ਡੇਟਾ ਨੂੰ ਵਰਤ ਨਹੀਂ ਸਕਦਾ। ਉਸਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਰੈਨਸਮ ਵੇਅਰ ਸਾਰੀਆਂ ਹੀ ਫਾਈਲਾਂ ਦੀ ਐਕਸਟੈਂਸ਼ਨ ਬਦਲ ਦਿੰਦਾ ਹੈ। ਰੈਨਸਮ ਵੇਅਰ ਇੱਕ ਬਹੁਤ ਹੀ ਤੇਜ ਨਾਲ ਫੈਲਣ ਵਾਲਾ ਸੋਫਟਵੇਅਰ ਜਾਂ ਵਾਇਰਸ ਹੈ ਅਤੇ ਇਹ ਦੁਨੀਆ ਭਰ ਦੇ ਵਿਦਿਆਰਥੀ, ਖੋਜਾਰਥੀਆਂ, ਅਤੇ ਸੰਸਥਾਵਾਂ ਲਈ ਬਹੁਤ ਹੀ ਗੰਭੀਰ ਖਤਰਾ ਪੈਦਾ ਕਰ ਰਿਹਾ ਹੈ। ਡਾ. ਚੀਮਾ ਅਤੇ ਖੋਜਾਰਥੀ ਭਗਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇੱਕ ਯੰਤਰ ਦਾ ਡਿਜ਼ਾਇਨ ਪੇਟੈਂਟ ਕਰਵਾਇਆ ਹੈ ਜਿਹੜਾ ਯੰਤਰ ਰੈਨਸਮ ਵੇਅਰ ਦੇ ਹਮਲੇ ਨੂੰ ਰੋਕਦਾ ਹੈ, ਤੇ ਉਸ ਬਾਰੇ ਜਾਣਕਾਰੀ ਲੈਂਦਾ ਹੈ। ਇਹ ਰੈਨਸਮ ਵੇਅਰ ਹਮਲੇ ਦੀ ਜਾਣਕਾਰੀ ਉਪਭੋਗਤਾ ਨੂੰ ਦਿੰਦਾ ਹੈ। ਇਹ ਯੰਤਰ ਕੰਪਿਊਟਰ ਖਰਾਬ ਹੋਣ ਤੋਂ ਬਾਅਦ ਉਪਭੋਗਤਾ ਨੂੰ ਬਚਾਵ ਕਾਰਜਾਂ ਬਾਰੇ ਦੱਸਦਾ ਹੈ। ਇਹ ਕੰਪਿਊਟਰ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ। ਜੇ ਭਵਿਖ ਵਿਚ ਕੋਈ ਉਸ ਕੰਪਿਊਟਰ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਹਮਲੇ ਨੂੰ ਰੋਕਣ ਵਿਚ ਇਹ ਯੰਤਰ ਮਦਦ ਕਰੇਗਾ। ਉਨ੍ਹਾਂ ਦੱਸਿਆ ਕਿ ਰੈਨਸਮ ਵੇਅਰ ਦੇ ਖਤਰਨਾਕ ਹਮਲੇ ਰੋਕਣ ਦੇ ਲਈ ਹੀ ਇਸ ਯੰਤਰ ਦਾ ਡਿਜ਼ਾਈਨ ਪੇਟੈਂਟ ਕਰਵਾਇਆ ਗਿਆ ਹੈ। ਇਸ ਵਿੱਚ ਜਿਆਦਾ ਤੋਂ ਜਿਆਦਾ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਇਹ ਯੰਤਰ ਕੰਪਿਊਟਰ ਦੀਆਂ ਸਾਰੀਆਂ ਫਾਈਲਾਂ ਨੂੰ ਚੈੱਕ ਕਰਦਾ ਹੈ ਤੇ ਐਨਾਲਾਈਜ ਕਰਦਾ ਹੈ। ਇਹ ਕੰਪਿਊਟਰ ਦੀ ਸੁਰਖਿਆ ਵਿੱਚ ਦਰਪੇਸ਼ ਕਮੀਆਂ ਨੂੰ ਰੈਨਸਮਵੇਅਰ ਦੇ ਹਮਲੇ ਤੋਂ ਬਚਾਉਣ ਦੇ ਢੰਗਾਂ ਬਾਰੇ ਦੱਸਦਾ ਹੈ। ਇਸ ਯੰਤਰ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਰੋਜ਼ਾਨਾ ਦੀਆਂ ਘਟਨਾਵਾਂ ਤੋਂ ਆਪਣੇ ਆਪ ਨੂੰ ਅਪਡੇਟ ਕੀਤਾ ਜਾ ਸਕੇ ਅਤੇ ਨਵੀਆ ਮੁਸੀਬਤਾਂ ਤੋ ਕੰਪਿਊਟਰ ਫਾਈਲਾਂ ਤੇ ਡੇਟਾ ਨੂੰ ਸੁਰਖਿਅਤ ਕੀਤਾ ਜਾ ਸਕੇ। ਇਸ ਤਰ੍ਹਾਂ ਇਹ ਯੰਤਰ ਇੱਕ ਆਮ ਉਪਭੋਗਤਾ ਤੇ ਕੰਪਨੀ ਵਾਸਤੇ ਬਹੁਤ ਹੀ ਫਾਇਦੇਮੰਦ ਹੋਵੇਗਾ। ਇਹ ਯੰਤਰ ਕੰਪਿਊਟਰ ਨੂੰ ਹਰ ਪ੍ਰਕਾਰ ਰਾਹੀਂ ਸੁਰੱਖਿਆ ਮੁਹਾਈਆ ਕਰਵਾਵੇਗਾ ਚਾਹੇ ਉਸ ਤੇ ਇੰਟਰਨੈਟ ਹੋਵੇ ਜਾਂ ਨਾ ਹੋਵੇ। ਕਿਉਂਕਿ ਕਈ ਵਾਰ ਆਪਣੇ ਕੰਪਿਊਟਰ ਨਾਲ ਪੈਨ ਡਰਾਈਵ ਜਾਂ ਮੋਬਾਈਲ ਫੋਨ ਜੋੜਨ ਨਾਲ ਵੀ ਇਹ ਵਾਇਰਸ ਆ ਜਾਂਦਾ ਹੈ।