ਸੁਨਾਮ : ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਮੰਗਲਵਾਰ ਨੂੰ ਸੁਨਾਮ ਵਿਖੇ ਮੀਟਿੰਗ ਕਰਕੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਸੰਗਰੂਰ ਲੋਕ ਸਭਾ ਹਲਕੇ ਤੋਂ ਟਿਕਟ ਨਾ ਦੇਣ 'ਤੇ ਸਖ਼ਤ ਨਾਰਾਜ਼ਗੀ ਪ੍ਰਗਟਾਈ। ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਬਣੇ ਅਕਾਲੀ ਦਲ ਸੰਯੁਕਤ (ਜਿਸਦਾ ਅਕਾਲੀ ਦਲ ਵਿੱਚ ਰਲੇਵਾਂ ਹੋ ਗਿਆ) ਦੇ ਅਹੁਦੇਦਾਰ ਰਹੇ ਇੰਨ੍ਹਾਂ ਆਗੂਆਂ ਨੇ ਕਿਹਾ ਕਿ ਪਰਮਿੰਦਰ ਸਿੰਘ ਢੀਂਡਸਾ ਨੂੰ ਸੰਗਰੂਰ ਲੋਕ ਸਭਾ ਹਲਕੇ ਤੋਂ ਟਿਕਟ ਨਾ ਦੇਕੇ ਸ਼੍ਰੋਮਣੀ ਅਕਾਲੀ ਦਲ ਨੇ ਢੀਂਡਸਾ ਪਰਿਵਾਰ ਨਾਲ ਹੀ ਨਹੀਂ ਸਗੋਂ ਸਮੁੱਚੇ ਪੰਜਾਬ ਵਿੱਚ ਵਰਕਰਾਂ ਨਾਲ ਵੀ ਧੋਖਾ ਕੀਤਾ ਹੈ। ਇਸ ਮੌਕੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਜਥੇਦਾਰ ਪ੍ਰਿਤਪਾਲ ਸਿੰਘ ਹਾਂਡਾ, ਸੀਨੀਅਰ ਅਕਾਲੀ ਆਗੂ ਗੁਰਚਰਨ ਸਿੰਘ ਧਾਲੀਵਾਲ, ਸਾਬਕਾ ਚੇਅਰਮੈਨ ਚਮਕੌਰ ਸਿੰਘ ਮੋਰਾਂਵਾਲੀ, ਮਨਿੰਦਰ ਸਿੰਘ ਲਖਮੀਰਵਾਲਾ, ਸਾਬਕਾ ਕੌਂਸਲਰ ਯਾਦਵਿੰਦਰ ਸਿੰਘ ਨਿਰਮਾਣ, ਮਾਸਟਰ ਦਲਜੀਤ ਸਿੰਘ, ਸਾਬਕਾ ਕੌਂਸਲਰ ਦਰਸ਼ਨ ਸਿੰਘ ਮੋਰਾਂਵਾਲੀ, ਸਾਬਕਾ ਕੌਂਸਲਰ ਐਡਵੋਕੇਟ ਪਰਮਿੰਦਰ ਸਿੰਘ ਜਾਰਜ, ਨਰਿੰਦਰ ਸਿੰਘ ਨੀਨਾ, ਬਾਵਾ ਸਿੰਘ ਢਾਬੇ ਵਾਲਾ, ਡਾਕਟਰ ਨਰੇਸ਼ ਜਿੰਦਲ, ਗੋਪਾਲ ਸ਼ਰਮਾ, ਸੰਦੀਪ ਸਿੰਘ ਦਿਓਸੀ, ਬੇਅੰਤ ਸਿੰਘ ਰੂਪਰਾਏ, ਕੁਲਵੰਤ ਸਿੰਘ ਕਾਲਾ ਨੰਬਰਦਾਰ, ਵਿਕਰਮ ਗੋਇਲ ਅਤੇ ਰਵਿੰਦਰ ਗੋਰਖਾ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਪਾਰਟੀ ਦੇ ਸਰਪ੍ਰਸਤ ਹਨ ਪਰੰਤੂ ਲੋਕ ਸਭਾ ਲਈ ਟਿਕਟਾਂ ਦੀ ਵੰਡ ਕਰਨ ਸਮੇਂ ਉਨ੍ਹਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ| ਉਕਤ ਆਗੂਆਂ ਨੇ ਕਿਹਾ ਕਿ ਅਕਾਲੀ ਦਲਾਂ ਵਿੱਚ ਏਕਤਾ ਤੋਂ ਪਹਿਲਾਂ ਅਕਾਲੀ ਦਲ ਸੰਯੁਕਤ ਦੇ ਆਗੂਆਂ ਨੂੰ ਵੀ ਲੋਕ ਸਭਾ ਚੋਣਾਂ ਵਿੱਚ ਮੈਦਾਨ ਵਿੱਚ ਉਤਾਰਨ ਦਾ ਸਮਝੌਤਾ ਹੋਇਆ ਸੀ। ਉਨ੍ਹਾਂ ਮੰਗ ਕੀਤੀ ਹੈ ਕਿ ਅਕਾਲੀ ਦਲ ਇਸ ਮਾਮਲੇ 'ਤੇ ਮੁੜ ਵਿਚਾਰ ਕਰੇ। ਉਕਤ ਆਗੂਆਂ ਨੇ ਕਿਹਾ ਕਿ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਇਸ ਮਾਮਲੇ ਸਬੰਧੀ ਬੁੱਧਵਾਰ ਨੂੰ ਚੰਡੀਗੜ੍ਹ ਵਿਖੇ ਮੀਟਿੰਗ ਬੁਲਾਈ ਹੈ ਅਤੇ ਮੀਟਿੰਗ ਵਿਚ ਜੋ ਵੀ ਫੈਸਲਾ ਹੋਵੇਗਾ, ਉਸ 'ਤੇ ਡਟ ਕੇ ਪਹਿਰਾ ਦਿੱਤਾ ਜਾਵੇਗਾ ।