ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਭਰ ਵਿੱਚ ਰਾਜ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਕੱਢੀ ਜਾ ਰਹੀ "ਪੰਜਾਬ ਬਚਾਓ ਯਾਤਰਾ" ਨਵੇਂ ਸਾਰਥਿਕ ਨਤੀਜੇ ਲੈ ਕੇ ਸਾਹਮਣੇ ਆਵੇਗੀ, ਜਿਸ ਦਾ ਅਸਰ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਸਪਸ਼ਟ ਤੌਰ ਤੇ ਦੇਖਣ ਨੂੰ ਮਿਲੇਗਾ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਜਿਸ ਉਤਸ਼ਾਹ ਨਾਲ ਪੰਜਾਬ ਦੀ ਜਨਤਾ ਪੰਜਾਬ ਬਚਾਓ ਯਾਤਰਾ ਦੇ ਸੁਆਗਤ ਲਈ ਥਾਂ-ਥਾਂ ਤੇ ਭਰਮੇ ਇਕੱਠਾਂ ਵਿੱਚ ਦੇਖਣ ਨੂੰ ਮਿਲ ਰਹੀ ਹੈ ਇਸ ਤੋਂ ਸਪਸ਼ਟ ਜਾਪਦਾ ਹੈ ਕਿ ਪੰਜਾਬ ਦਾ ਰੁੱਖ ਹੁਣ ਸ਼੍ਰੋਮਣੀ ਅਕਾਲੀ ਦਲ ਦ ਹੱਕ ਵਿੱਚ ਸਪਸ਼ਟ ਝੂਲਦਾ ਸਾਹਮਣੇ ਆਵੇਗਾ। ਪ੍ਰੋਫੈਸਰ ਬਡੁੰਗਰ ਨੇ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬਹੁਤ ਹੀ ਸੂਝਵਾਨ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਅਤੇ ਨਿਸ਼ਚੇ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਇਹਨਾਂ ਉਮੀਦਵਾਰਾਂ ਨੂੰ ਪੰਜਾਬ ਨਿਵਾਸੀ ਪੰਜਾਬ ਦੀ ਭਲਾਈ ਖਾਤਰ ਜਰੂਰ ਜੇਤੂ ਕਰਕੇ ਸੇਵਾ ਕਰਨ ਲਈ ਅੱਗੇ ਲਿਆਉਣਗੇ। ਉਨ੍ਹਾਂ ਨਾਲ ਹੀ ਕਿਹਾ ਕਿ ਕਿਸੇ ਕਾਰਨ ਪਾਰਟੀ ਨਾਲੋਂ ਵੱਖ ਹੋਏ ਸੀਨੀਅਰ ਟਕਸਾਲੀ ਅਕਾਲੀਆਂ ਦਾ ਵੀ ਸ਼੍ਰੋਮਣੀ ਅਕਾਲੀ ਦਲ ਵਿੱਚ ਘਰ ਵਾਪਸੀ ਕਰਨਾ, ਪਾਰਟੀ ਲਈ ਵੱਡਾ ਸ਼ੁਭ ਸ਼ਗਨ ਹੈ ਅਤੇ ਉਹ ਟਕਸਾਲੀ ਅਕਾਲੀ ਵੀ ਜਰੂਰ ਸ਼੍ਰੋਮਣੀ ਅਕਾਲੀ ਦਲ ਦੀ ਚੜਦੀ ਕਲਾ ਲਈ ਆਪਣਾ ਅਹਿਮ ਯੋਗਦਾਨ ਅਦਾ ਕਰਨਗੇ। ਉਹਨਾਂ ਕਿਹਾ ਕਿ ਪੰਜਾਬ ਬਚਾਓ ਯਾਤਰਾ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਰੇਕ ਹਲਕੇ ਵਿੱਚ ਆਪ ਖੁਦ ਦੌਰਾ ਕਰਕੇ ਪੰਜਾਬੀਆਂ ਦੀਆਂ ਮੁਸ਼ਕਿਲਾਂ ਪਰੇਸ਼ਾਨੀਆਂ ਤੋਂ ਜਾਣੂ ਹੋ ਰਹੇ ਹਨ ਤਾਂ ਜੋ ਉਹ ਅਕਾਲੀ ਸਰਕਾਰ ਆਉਣ ਤੇ ਇਹਨਾਂ ਦੁੱਖਾਂ ਪਰੇਸ਼ਾਨੀਆਂ ਅਤੇ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ਤੇ ਦੂਰ ਕਰ ਸਕਣ। ਉਹਨਾਂ ਸਪਸ਼ਟ ਕਰਦਿਆਂ ਕਿਹਾ ਕਿ ਸ਼ਾਇਦ ਹੀ ਕੋਈ ਅਜਿਹਾ ਪਾਰਟੀ ਦਾ ਨੇਤਾ ਹੋਵੇਗਾ ਜੋ ਖੁਦ ਜਨਤਾ ਵਿੱਚ ਜਾ ਕੇ ਵਿਚਰੇ ਅਤੇ ਉਨਾਂ ਦੀਆਂ ਦੁੱਖ ਤਕਲੀਫਾਂ ਤੋਂ ਜਾਣੇ। ਉਹਨਾਂ ਨਾਲ ਹੀ ਕਿਹਾ ਕਿ ਪਿਛਲੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਵਿੱਚ ਜਮੀਨ ਨਾਲ ਜੁੜੇ ਹੋਏ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪੰਜਾਬ ਦੇ ਲੋਕਾਂ ਦੀਆਂ ਦੁੱਖ ਤਕਲੀਫਾਂ ਜਾਨਣ ਅਤੇ ਪੰਜਾਬ ਨੂੰ ਤਰੱਕੀ ਦੀਆਂ ਬੁਲੰਦੀਆਂ ਤੇ ਲਿਜਾਣ ਲਈ ਪਿੰਡ ਪਿੰਡ ਜਾ ਕੇ ਲੋਕਾਂ ਨਾਲ ਰਾਬਤਾ ਕਾਇਮ ਕਰਕੇ ਗਰਾਂਟਾਂ ਦੇ ਖੁੱਲੇ ਗੱਫੇ ਬਿਨਾਂ ਕਿਸੇ ਭੇਦ ਭਾਵ ਤੋਂ ਪੰਚਾਇਤਾਂ ਨੂੰ ਦਿੰਦੇ ਰਹੇ ਹਨ ਦੇ ਅਜਿਹੇ ਹੀ ਉਦਮਾ ਕਰਕੇ ਅੱਜ ਵੀ ਪ੍ਰਕਾਸ਼ ਸਿੰਘ ਬਾਦਲ ਲੋਕਾਂ ਦੇ ਦਿਲਾਂ ਤੇ ਰਾਜ ਕਰ ਰਹੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਜਗਦੀਪ ਸਿੰਘ ਚੀਮਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਵਤਾਰ ਸਿੰਘ ਰੀਆ, ਮਨਮੋਹਨ ਸਿੰਘ ਮਕਾਰੋਂਪੁਰ, ਗੁਰਦੀਪ ਸਿੰਘ ਨੌਲੱਖਾ, ਸਵਰਨ ਸਿੰਘ ਗੁਪਾਲੋਂ ਅਤੇ ਹੋਰ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਦੇ ਆਗੂ ਸਾਹਿਬਾਨ ਵੀ ਹਾਜ਼ਰ ਸਨ।