ਪਟਿਆਲਾ : ਲੋਕ ਸਭਾ ਚੋਣਾਂ 2024 ਵਿੱਚ ਵੋਟ ਪ੍ਰਤੀਸ਼ਤ ਵਧਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਵਿੱਚ ਹੁਣ ਪਟਿਆਲਾ ਦੀ ਹੋਟਲ ਐਸੋਸੀਏਸ਼ਨ ਨੇ ਵੀ ਆਪਣੇ ਕਦਮ ਵਧਾਉਂਦਿਆਂ ਚੋਣਾਂ ਦੌਰਾਨ ਆਪਣੀ ਵੋਟ ਪਾਉਣ ਵਾਲੇ ਹਰ ਜ਼ਿੰਮੇਵਾਰ ਨਾਗਰਿਕ ਨੂੰ ਖਾਣ ਪੀਣ ਦੀਆਂ ਵਸਤਾਂ ਵਿੱਚ 25 ਫ਼ੀਸਦੀ ਛੋਟ ਦੇਣ ਦਾ ਫ਼ੈਸਲਾ ਕੀਤਾ ਹੈ। ਪਟਿਆਲਾ ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੀਪ ਸਿੰਘ ਵਾਲੀਆ ਨੇ ਐਸੋਸੀਏਸ਼ਨ ਦੀ ਤਰਫ਼ੋਂ ਸਾਰੇ ਵੋਟਰਾਂ ਨੂੰ ਵੋਟ ਭੁਗਤਾਉਣ ਉਪਰੰਤ ਇਹ ਵਿਸ਼ੇਸ਼ ਛੋਟ ਲੈਣ ਦੀ ਅਪੀਲ ਕੀਤੀ ਅਤੇ ਦੱਸਿਆ ਕਿ ਸ਼ਹਿਰ ਦੇ ਨਾਮੀ ਹੋਟਲਾਂ ਜਿਨ੍ਹਾਂ ਵਿਚ ਮੋਟਲ ਸਨਰਾਈਜ਼, ਹੋਟਲ ਗੁਡਵਿਨ, ਕਲੈਰੀਅਨ ਇਨ, ਢਿੱਲੋਂ ਰੈਜ਼ੀਡੈਂਸੀ, ਨਰਾਇਣ ਕੰਟੀਨੈਂਟਲ, ਗ੍ਰੈਂਡ ਪਾਰਕ, ਅਜੂਬਾ ਰੈਜ਼ੀਡੈਂਸੀ, ਰਾਇਲ ਕੈਸਲ, ਫਲਾਈ ਓਵਰ ਹੋਟਲ, ਕਾਰਨਰ ਹੋਟਲ, ਲੈਜ਼ੀਜ਼ ਹੋਟਲ, ਇਕਬਾਲ ਇਨ, ਹੋਟਲ ਐਚਡੀ, ਉੱਤਮ ਰੈਜ਼ੀਡੈਂਸੀ, ਹੋਟਲ ਰਣਜੀਤ, ਐਮਜੀ 64 ਅਤੇ ਕਲੱਬ ਸੋਲ੍ਹਾਂ ਵਿਚ ਵੋਟਰ ਇਸ ਛੋਟ ਦਾ ਲਾਭ ਆਪਣੀ ਉਗਲੀ ਤੇ ਲੱਗੇ ਵੋਟ ਸਿਆਹੀ ਦੇ ਨਿਸ਼ਾਨ ਨੂੰ ਦਿਖਾ ਕੇ ਲੈ ਸਕਦੇ ਹਨ। ਜ਼ਿਲ੍ਹਾ ਸਵੀਪ ਟੀਮ ਦੇ ਨੋਡਲ ਅਫ਼ਸਰ ਡਾ.ਐਸ.ਰੇਖੀ ਨੇ ਜ਼ਿਲ੍ਹਾ ਚੋਣ ਅਫ਼ਸਰ ਪਟਿਆਲਾ ਤਰਫ਼ੋਂ ਜ਼ਿਲ੍ਹੇ ਵਿੱਚ ਇਸ ਵਾਰ ਵੱਧ ਵੋਟ ਪ੍ਰਤੀਸ਼ਤ ਲਈ ਹੋਟਲ ਐਸੋਸੀਏਸ਼ਨ ਨੂੰ ਇਸ ਵਿਸ਼ੇਸ਼ ਛੋਟ ਦੇਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਅਜਿਹੇ ਉਪਰਾਲੇ ਜ਼ਿਲ੍ਹੇ ਵਿਚ ਵੋਟ ਪ੍ਰਤੀਸ਼ਤ ਦੇ ਵਾਧੇ ਲਈ ਸਹਾਈ ਹੋਣਗੇ।