ਈਟਾਨਗਰ : ਅਰੁਣਾਚਲ ਪ੍ਰਦੇਸ਼ ਦੀ ਦਿਬਾਂਗ ਘਾਟੀ ਵਿੱਚ ਜ਼ਮੀਨ ਖਿਸਕਣ ਕਾਰਨ ਨੈਸ਼ਨਲ ਹਾਈਵੇਅ ਦਾ ਇਕ ਹਿੱਸਾ ਢਹਿ ਗਿਆ ਹੈ ਜਿਸ ਕਾਰਨ ਚੀਨ ਦੀ ਸਰਹੱਦ ਨਾਲ ਲਗਦੀ ਦਿਬਾਂਗ ਘਾਟੀ ਦਾ ਦੇਸ਼ ਨਾਲੋਂ ਸੰਪਰਕ ਟੁੱਟ ਗਿਆ ਹੈ। ਦਿਬਾਂਗ ਵੈਲੀ ਪ੍ਰਸ਼ਾਸਨ ਮੁਤਾਬਿਕ ਬੀਤੇ ਦਿਨ ਹਾਈਵੇਅ ਨੰ: 313 ’ਤੇ ਢਿੱਗਾਂ ਡਿੱਗਣ ਕਾਰਨ ਨੈਸ਼ਨਲ ਹਾਈਵੇਅ ਦਾ ਇੱਕ ਹਿੱਸਾ ਬੁਰੀ ਤਰ੍ਹਾਂ ਨਾਲ ਤਹਿ ਨਹਿਸ ਹੋ ਗਿਆ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦਸਿਆ ਹੈ ਕਿ ਢਿੱਗਾਂ ਡਿੱਗਣ ਕਾਰਨ ਹੋਏ ਨੁਕਸਾਨ ਦੀ ਭਰਪਾਈ ਕਰਨ ਲਈ ਲਗਪਗ ਤਿੰਨ ਦਿਨ ਦਾ ਸਮਾਂ ਲੱਗ ਜਾਵੇਗਾ। ਇਥੇ ਜ਼ਿਕਰਯੋਗ ਹੈ ਕਿ ਦਿਬਾਂਗ ਘਾਟੀ ਵਿੱਚ ਕਈ ਦਿਨਾਂ ਤੋਂ ਮੀਂਹ ਪੈ ਰਿਹਾ ਹੈ ਜਿਸ ਕਾਰਨ ਪਹਾੜੀਆਂ ਖਿਸਕਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਹ ਰਾਸ਼ਟਰੀ ਰਾਜਮਾਰਗ 313 ਹੈ ਜਿਹੜਾ ਕਿ ਦਿਬਾਂਗ ਘਾਟੀ ਦਾ ਸੰਪਰਕ ਬਾਕੀ ਦੇਸ਼ ਨਾਲ ਬਣਾਉਣਾ ਹੈ।
ਅਰੁਣਾਂਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ ਨੇ ਕਿਹਾ ਹੈ ਕਿ ਰਾਸ਼ਟਰੀ ਰਾਜਮਾਰਗ ’ਤੇ ਹੋਏ ਨੁਕਸਾਨ ਦੀ ਪੂਰਤੀ ਕਰਨ ਲਈ ਅਸੀਂ ਅਧਿਕਾਰੀਆਂ ਨੂੰ ਫ਼ੌਰਨ ਹੁਕਮ ਦੇ ਦਿੱਤੇ ਹਨ। ਦੂਜੇ ਪਾਸੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਮੇਂ ਭੋਜਨ ਅਤੇ ਹੋਰ ਜ਼ਰੂਰੀ ਚੀਜ਼ਾਂ ਦੀ ਕੋਈ ਥੁੜ ਨਹੀਂ ਆਉਣ ਦਿੱਤੀ ਜਾਵੇਗੀ। ਅਧਿਕਾਰੀਆਂ ਨੇ ਆਮ ਜਨਤਾ ਨੂੰ ਮੀਂਹ ਪੈਣ ਤੱਕ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਹੈ।