ਮਾਲੇਰਕੋਟਲਾ : ਲੋਕਤੰਤਰ ਦੀ ਨੀਂਹ ਨੂੰ ਮਜਬੂਤ ਕਰਨ ਲਈ ਲੋਕਤੰਤਰ ਦੇ ਸਭ ਤੋਂ ਵੱਡੇ ਤਿਉਹਾਰ ‘ਚੋਣਾਂ’ ਨਾਲ ਨੌਜਵਾਨਾਂ ਨੂੰ ਜੋੜਿਆ ਜਾਣਾ ਬਹੁਤ ਅਹਿਮ ਹੈ , ਇਸ ਲਈ ਲੋਕਤੰਤਰ ਦੀ ਮਜ਼ਬੂਤੀ ਲਈ ਸਕੂਲਾਂ ਦੇ ਮੁਖੀ ਲਗਾਤਾਰ ਵੋਟਰ ਜਾਗਰੂਕਤਾ ਕਰਨ ਲਈ ਅੱਗੇ ਆਉਣ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉਪ ਮੰਡਲ ਮੈਜਿਸਟਰੇਟ ਕਮ ਸਹਾਇਕ ਰਿਟਰਨਿੰਗ ਅਫ਼ਸਰ, ਲੋਕ ਸਭਾ ਅਸੈਂਬਲੀ-105 ਮਾਲੇਰਕੋਟਲਾ ਸ੍ਰੀਮਤੀ ਅਪਰਨਾ ਐਮ.ਬੀ. ਨੇ ਸਥਾਨਕ ਇਸਲਾਮੀਆ ਕੰਬੋਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਵੋਟਰ ਜਾਗਰੂਕਤਾ ਮੁਹਿੰਮ ਤਹਿਤ ਚੋਣ ਮਹਾਂ ਉਤਸੱਵ ਸਬੰਧੀ ਕਰਵਾਏ ਗਏ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕੀਤੇ। ਇਸ ਮੌਕੇ ‘ਲੋਕਤੰਤਰ’ ਵਿਸ਼ੇ ’ਤੇ ਭਾਸ਼ਣ, ਰੰਗੋਲੀ, ਮਹਿੰਦੀ, ਸਲੋਗਨ, ਚਾਰਟ ਅਤੇ ਪੋਸਟਰ ਮੁਕਾਬਲੇ ਕਰਵਾਏ ਗਏ। ਉਪ ਮੰਡਲ ਮੈਜਿਸਟਰੇਟ ਅਪਰਨਾ ਐਮ.ਬੀ. ਨੇ ਸਕੂਲੀ ਵਿਦਿਆਰਥੀਆਂ ਅਤੇ ਸਕੂਲੀ ਸਟਾਫ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਾਨੂੰ ਸਦੀਆਂ ਦੀ ਗੁਲਾਮੀ ਬਾਅਦ ਪ੍ਰਾਪਤ ਹੋਈ ਆਜ਼ਾਦੀ ਕਰ ਕੇ ਵੋਟ ਪਾਉਣ ਦਾ ਇਹ ਹੱਕ ਮਿਲਿਆ ਹੈ। ਇਸ ਲਈ ਹਰੇਕ ਨਾਗਰਿਕ ਇਸ ਹੱਕ ਦੀ ਵਰਤੋਂ ਬਿਨ੍ਹਾਂ ਕਿਸੇ ਡਰ-ਭੈਅ, ਦਬਾਅ ਜਾਂ ਲਾਲਚ ਤੋਂ ਬਗ਼ੈਰ ਕਰਨ ਨੂੰ ਯਕੀਨੀ ਬਣਾਏ ਤਾਂ ਸਹੀ/ਯੋਗ ਸਰਕਾਰ ਦੀ ਚੋਣ ਹੋ ਸਕੇ। ਇਸ ਲਈ ਸਾਰੇ ਸਕੂਲ ਆਪਣੇ ਵਿਦਿਆਰਥੀਆਂ ਨੂੰ ਵੋਟਰ ਜਾਗਰੂਕਤਾ ਮੁਹਿੰਮ ’ਚ ਆਪਣਾ ਯੋਗਦਾਨ ਪਾਉਣ ਲਈ ਜ਼ਰੂਰ ਪ੍ਰੇਰਿਤ ਕਰਨ ਤਾਂ ਕਿ ਕੋਈ ਵੀ ਯੋਗ ਵੋਟਰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਤੋਂ ਪਿੱਛੇ ਨਾ ਰਹੇ। ਉਨ੍ਹਾਂ ਹੋਰ ਕਿਹਾ ਕਿ ਸਕੂਲ ਇਹ ਵੀ ਯਕੀਨੀ ਬਣਾਉਣ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੀ ਸਹੁੰ ਵਿਦਿਆਰਥੀ ਆਪਣੇ ਮਾਪਿਆਂ ਤੇ ਹੋਰ ਪਰਿਵਾਰਕ ਮੈਂਬਰਾਂ ਤੋਂ ਤਸਦੀਕ ਕਰਵਾਉਣਗੇ ਤੇ ਨਾਲ ਹੀ ਨੇੜਲੇ ਤੇ ਜਾਣ-ਪਛਾਣ ਵਾਲੇ ਚਾਰ ਹੋਰ ਪਰਿਵਾਰਾਂ ਨੂੰ ਵੀ ਲਾਜ਼ਮੀ ਵੋਟਾਂ ਪਾਉਣ ਲਈ ਜਾਗਰੂਕ ਕਰਨਗੇ। ਉਨ੍ਹਾਂ ਇਸ ਮੌਕੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਚੋਣਾਂ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕਈ ਡਿਜੀਟਲ ਐਪਸ ਜਿਵੇਂ ਕਿ ਸੀ-ਵਿਜ਼ਲ, ਈ.ਐਸ.ਐਮ.ਐਸ. ਆਦਿ ਤਿਆਰ ਕੀਤੀਆਂ ਗਈਆਂ ਹਨ। ਇਨ੍ਹਾਂ ਡਿਜੀਟਲ ਐਪਸ ਦੀ ਸਹਾਇਤਾਂ ਨਾਲ ਕੋਈ ਵੀ ਨਾਗਰਿਕ ਚੋਣ ਜ਼ਾਬਤੇ ਦੀ ਉਲੰਘਣਾ ਅਤੇ ਚੋਣਾਂ ਸਬੰਧੀ ਕੋਈ ਵੀ ਸ਼ਿਕਾਇਤ ਸੀ-ਵਿਜ਼ਲ ਐਪ, ਟੋਲ ਫਰੀ ਹੈਲਪਲਾਈਨ ਅਤੇ ਪੋਰਟਲ ’ਤੇ ਦਰਜ ਕਰਵਾ ਸਕਦਾ ਹੈ। ਇਸ ਤੋਂ ਇਲਾਵਾ ਟੋਲ ਫਰੀ ਨੰਬਰ 1800-180- 3469, ਐਨ ਵੀ ਐਸ ਪੀ (ਨੈਸ਼ਨਲ ਵੋਟਰ ਸਰਵਿਸ ਪੋਰਟਲ) ਸਮੇਤ ਟੋਲ ਫਰੀ ਹੈਲਪਲਾਈਨ ਨੰਬਰ 1950 ਉੱਤੇ ਵੀ ਆਪਣੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।