ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੰਜਾਬ ਸਰਕਾਰ ਵੱਲੋਂ ਲਗਾਏ ਨਵੇਂ ਵਾਈਸ ਚਾਂਸਲਰ ਕਮ ਉਚੇਰੀ ਸਿੱਖਿਆ ਸਕੱਤਰ ਅਤੇ ਸੀਨੀਅਰ ਆਈ.ਏ.ਐਸ. ਅਧਿਕਾਰੀ ਕਮਲ ਕਿਸ਼ੋਰ ਯਾਦਵ ਨੇ ਪੰਜਾਬੀ ਯੂਨੀਵਰਸਿਟੀ ਵਿੱਚ ਵਾਈਸ ਚਾਂਸਲਰ ਦਾ ਅਹੁਦਾ ਸੰਭਾਲਦਿਆਂ ਹੀ ਪੁਰਾਣੇ ਵਾਈਸ ਚਾਂਸਲਰ ਡਾ. ਅਰਵਿੰਦ ਦੇ ਸਾਰੇ ਹੁਕਮਾਂ ਨੂੰ ਰੱਦ ਕਰ ਕੇ ਨਵਾਂ ਧਮਾਕਾ ਕਰ ਦਿੱਤਾ ਹੈ। ਕਮਲ ਕਿਸ਼ੋਰ ਯਾਦਵ ਨੇ ਅਧਿਕਾਰੀਆਂ ਨੂੰ ਸਮੁੱਚੀਆਂ ਫ਼ਾਈਲਾਂ ਮੁੜ ਪੇਸ਼ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਜਿਸ ਕਾਰਨ ਯੂਨੀਵਰਸਿਟੀ ਵਿੱਚ ਪੂਰੀ ਤਰ੍ਹਾਂ ਮਾਹੌਲ ਗਰਮਾਇਆ ਹੋਇਆ ਹੈ। ਜ਼ਿਕਰਯੋਗ ਹੈ ਕਿ ਡਾ. ਅਰਵਿੰਦ ਦੀ ਤਿੰਨ ਸਾਲ ਦੀ ਮਿਆਦ 25 ਅਪ੍ਰੈਲ ਨੂੰ ਪੂਰੀ ਹੋ ਚੁੱਕੀ ਹੈ ਅਤੇ ਨਵੇਂ ਵਾਈਸ ਚਾਂਸਲਰ ਕਮਲ ਕਿਸ਼ੋਰ ਯਾਦਵ ਨੇ ਆਪਣਾ ਅਹੁਦਾ ਸੰਭਾਲਦਿਆਂ 16 ਮਾਰਚ 2024 ਤੋਂ ਬਾਅਦ ਪੁਰਾਣੇ ਵਾਈਸ ਚਾਂਸਲਰ ਵੱਲੋਂ ਜਾਰੀ ਕੀਤੇ ਨੋਟੀਫ਼ਿਕੇਸ਼ਨ, ਸਰਕੂਲਰ, ਵੱਖ ਵੱਖ ਆਦੇਸ਼, ਤਬਦੀਲੀਆਂ, ਪੋਸਟਿੰਗਾਂ, ਤਰੱਕੀਆਂ, ਅਧਿਆਪਨ ਅਤੇ ਗ਼ੈਰ-ਅਧਿਆਪਨ ਅਧਿਕਾਰੀਆਂ ਕਰਮਚਾਰੀਆਂ ਦੇ ਅਸਤੀਫ਼ੇ, ਮੁਅੱਤਲੀਆਂ, ਪ੍ਰਸ਼ਾਸਕੀ ਜਾਂ ਵਿੱਤੀ ਪ੍ਰਵਾਨਗੀਆਂ, ਕਿਸੇ ਵੀ ਤਰ੍ਹਾਂ ਦੇ ਭੁਗਤਾਨ ਸਮੇਤ ਹੋਰ ਹੁਕਮ ਰੱਦ ਕਰ ਦਿੱਤੇ ਹਨ। ਇਥੇ ਜ਼ਿਕਰਯੋਗ ਹੈ ਕਿ ਕਮਲ ਕਿਸ਼ੋਰ ਯਾਦਵ ਪੰਜਾਬ ਕਾਡਰ ਦੇ 2003 ਬੈਚ ਦੇ ਆਈ.ਏ.ਐਸ. ਅਧਿਕਾਰੀ ਹਨ ਜਿਨ੍ਹਾਂ ਨੇ ਪੰਜਾਬ ਸਰਕਾਰ ਵਿੱਚ ਵੱਖ ਵੱਖ ਅਹੁਦਿਆਂ ’ਤੇ ਆਪਣੀ ਜ਼ੁੰਮੇਵਾਰੀ ਨਿਭਾਈ ਹੈ।