ਸੁਨਾਮ : ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਭਾਜਪਾ ਮੇਰਾ ਦਿੱਲੀ ਜਾਣ ਦਾ ਰਾਹ ਰੋਕਣ ਲਈ ਰਲਕੇ ਸਾਜ਼ਿਸ਼ਾਂ ਰਚ ਰਹੇ ਹਨ। ਉਨ੍ਹਾਂ ਕਿਹਾ ਕਿ ਮੇਰਾ ਲੋਕ ਸਭਾ ਵਿੱਚ ਪਹੁੰਚਣਾ ਭਗਵੰਤ ਮਾਨ ਅਤੇ ਭਾਜਪਾ ਨੂੰ ਗਵਾਰਾ ਨਹੀਂ। ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਤੇ ਕਾਂਗਰਸ ਦੇ ਮੌਜ਼ੂਦਾ ਜ਼ਿਲ੍ਹਾ ਪ੍ਰਧਾਨ ਦਲਬੀਰ ਸਿੰਘ ਗੋਲਡੀ ਦੇ ਕਾਂਗਰਸ ਪਾਰਟੀ ਤੋਂ ਦਿੱਤੇ ਅਸਤੀਫੇ ਤੇ ਟਿੱਪਣੀ ਕਰਦਿਆਂ ਕਿਹਾ ਕਿ ਅਜਿਹਾ ਕਰਕੇ ਉਸਨੇ ਵਿਸ਼ਵਾਸ਼ਘਾਤ ਕੀਤਾ ਹੈ, ਲੇਕਿਨ ਸੰਗਰੂਰ ਹਲਕੇ ਦੇ ਲੋਕ ਖਹਿਰੇ ਦੇ ਨਾਲ ਹਨ। ਸੁਨਾਮ ਵਿਖੇ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਕੌਂਸਲਰ ਮਨਪ੍ਰੀਤ ਸਿੰਘ ਮਨੀ ਵੜ੍ਹੈਚ, ਪਵਨਜੀਤ ਸਿੰਘ ਹੰਝਰਾ ਅਤੇ ਸੁਰਿੰਦਰ ਸਿੰਘ ਭਰੂਰ ਵੱਲੋਂ ਆਯੋਜਿਤ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਵਿਰੋਧੀ ਧਿਰਾਂ ਆਮ ਆਦਮੀ ਪਾਰਟੀ ਅਤੇ ਭਾਜਪਾ ਪੰਜਾਬ ਦੀ ਆਵਾਜ਼ ਬਣੇ ਖਹਿਰਾ ਦਾ ਰਸਤਾ ਰੋਕਣ ਲਈ ਹਰ ਹਰਬਾ ਵਰਤਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਦਲਬੀਰ ਗੋਲਡੀ ਦਾ ਕਾਂਗਰਸ ਪਾਰਟੀ ਤੋਂ ਅਸਤੀਫਾ ਇਸੇ ਕੜੀ ਦਾ ਇਕ ਨਮੂਨਾ ਹੈ, ਖਹਿਰਾ ਵਿਰੁੱਧ ਅਜੇ ਹੋਰ ਬਹੁਤ ਕੁੱਝ ਕੀਤਾ ਜਾਵੇਗਾ । ਉਨ੍ਹਾਂ ਦਾਅਵਾ ਕੀਤਾ ਕਿ ਸੰਗਰੂਰ ਹਲਕੇ ਦੇ ਲੋਕ ਮੇਰੇ ਨਾਲ ਹਨ ਇਸ ਲਈ ਮੈਂ ਅਜਿਹੇ ਹੱਥਕੰਡਿਆਂ ਤੋਂ ਡਰਨ ਵਾਲਾ ਨਹੀਂ ਹਾਂ ਤੇ ਬੁਲੰਦ ਹੌਸਲੇ ਨਾਲ ਹਰ ਚੁਣੌਤੀ ਦਾ ਸਾਹਮਣਾ ਕਰਾਂਗਾ। ਉਨ੍ਹਾਂ ਕਿਹਾ ਕਿ ਦਲਬੀਰ ਗੋਲਡੀ ਦੇ ਵਿਸ਼ਵਾਸਘਾਤ ਬਾਰੇ ਸਪਸ਼ਟ ਕੀਤਾ ਕਿ 2022 ਦੀਆਂ ਚੋਣਾਂ ਵਿੱਚ ਮੈਂ ਆਪਣੀ ਚੋਣ ਮੁਹਿੰਮ ਨੂੰ ਛੱਡਕੇ ਦੋ ਦਿਨ ਧੂਰੀ ਹਲਕੇ ਵਿੱਚ ਗੋਲਡੀ ਲਈ ਪ੍ਰਚਾਰ ਕੀਤਾ ਹੁਣ ਜਦੋਂ ਪਾਰਟੀ ਨੇ ਮੈਨੂੰ ਬਿਨਾਂ ਅਪਲਾਈ ਕਰਨ ਤੋਂ ਸੰਗਰੂਰ ਤੋਂ ਟਿਕਟ ਦਿੱਤੀ ਤਾਂ ਵੀ ਕਾਗਰਸ ਪਾਰਟੀ ਦੇ ਵੱਡੇ ਆਗੂਆਂ ਦੀ ਹਾਜ਼ਰੀ ਵਿੱਚ ਹਲਕੇ ਦੇ ਪਤਵੰਤੇ ਸੱਜਣਾ ਦੇ ਸਾਹਮਣੇ ਮੇਰੇ ਲਈ ਚੋਣ ਪ੍ਰਚਾਰ ਕਰਨ ਦਾ ਭਰੋਸਾ ਦਿਵਾਇਆ ਮੈਂ ਉਸਤੇ ਵਿਸ਼ਵਾਸ ਕੀਤਾ ਪ੍ਰੰਤੂ ਆਪਣੀਆਂ ਵਿਜੀਲੈਂਸ ਇੰਨਕੁਆਰੀਆਂ ਤੋਂ ਡਰਦਾ ਹੋਇਆ ਕਮਜ਼ੋਰ ਆਦਮੀ ਉਸ ਭਗਵੰਤ ਮਾਨ ਦੇ ਅੱਗੇ ਗੋਡੇ ਟੇਕ ਗਿਆ ਜਿਸਨੇ ਗੋਲਡੀ ਦੀ ਪਤਨੀ ਸਿਮਰਤ ਖੰਗੂੜਾ ਦਾ ਅਪਮਾਨ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ। ਸੁਖਪਾਲ ਖਹਿਰਾ ਨੇ ਦਾਅਵਾ ਕੀਤਾ ਕਿ ਧੂਰੀ ਹਲਕੇ ਦੇ ਲੋਕ ਮੇਰੇ ਤੇ ਵਿਸ਼ਵਾਸ ਕਰਨ ਵਾਲੇ ਹਨ, ਧੂਰੀ ਹਲਕੇ ਵਿੱਚੋਂ ਜਿੱਤ ਪ੍ਰਾਪਤ ਕਰਾਂਗਾ। ਉਨ੍ਹਾਂ ਕਿਹਾ ਕਿ ਸੰਗਰੂਰ ਹਲਕੇ ਦੇ ਲੋਕ ਬੜੇ ਨਿਡਰ, ਬਹਾਦਰ ਤੇ ਅਣਖ ਰੱਖਣ ਵਾਲੇ ਲੋਕ ਹਨ ਉਹ ਕਮਜ਼ੋਰ ਮਾਦਾ ਰੱਖਣ ਅਤੇ ਸ਼ਾਜਿਸਾਂ ਘੜਨ ਵਾਲੇ ਲੋਕਾਂ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ। ਇਸ ਮੌਕੇ ਮਹਿਲਾ ਕਾਂਗਰਸ ਦੀ ਬਲਾਕ ਪ੍ਰਧਾਨ ਸ਼ਸੀ ਗਰਗ, ਪ੍ਰਮੋਦ ਅਵਸਥੀ ਪਰਮਾਨੰਦ ਕਾਂਸਲਿ ਅਤੇ ਜਸਵੰਤ ਸਿੰਘ ਭੰਮ ਨੇ ਵੀ ਸੰਬੋਧਨ ਕੀਤਾ।