ਮਾਲੇਰਕੋਟਲਾ : ਕਾਰਜਕਾਰੀ ਚੀਫ ਜਸਟਿਸ, ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਜਸਟਿਸ ਸ੍ਰੀ ਗੁਰਮੀਤ ਸਿੰਘ ਸੰਧਾਵਾਲਿਆ ਅਤੇ ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸੰਗਰੂਰ ਸ਼੍ਰੀਮਤੀ ਦਲਜੀਤ ਕੌਰ ਨੇ ਦੌਰਾ ਕਰਕੇ ਸਬ ਜ਼ੇਲ੍ਹ, ਮਾਲੇਰਕੋਟਲਾ ਅਤੇ ਉਪ ਮੰਡਲ ਕਚਿਹਰੀ ਦਾ ਜਾਇਜਾ ਲਿਆ । ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸੰਗਰੂਰ ਸ਼੍ਰੀਮਤੀ ਦਲਜੀਤ ਕੌਰ ਨੇ ਸਬ ਜ਼ੇਲ੍ਹ, ਦੀ ਰਸੋਈ ਘਰ ਦਾ ਮੁਆਇਨਾ ਕਰਦਿਆ ਸਬੰਧਤ ਸਟਾਫ ਨੂੰ ਹਦਾਇਤ ਕੀਤੀ ਕਿ ਭੋਜਣ ਦੀ ਗੁਣਵੰਤਾ ਦਾ ਵਿਸ਼ੇਸ ਧਿਆਨ ਰੱਖਣ ਦੇ ਨਾਲ ਨਾਲ ਰਸੋਈ ਘਰ ਦੀ ਸਾਫ਼—ਸਫਾਈ ਦਾ ਵਿਸ਼ੇਸ ਧਿਆਨ ਰੱਖਿਆ ਜਾਵੇ । ਇਸ ਉਪਰੰਤ ਉਨ੍ਹਾਂ ਨੇ ਹਵਾਲਾਤੀਆਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਅਤੇ ਜੇਲ੍ਹ ਵਿਖੇ ਬਣੇ ਲੀਗਲ ਏਡ ਕਲੀਨਿਕ ਦਾ ਦੌਰਾ ਕੀਤਾ ।ਉਨ੍ਹਾਂ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕੈਦੀਆਂ/ਹਵਾਲਾਤੀਆਂ ਨੂੰ ਦਿੱਤੀ ਜਾਣ ਵਾਲੀ ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਮਾਨਯੋਗ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿਚ ਅਪੀਲ ਕਰਨ ਦਾ ਤਰੀਕਾ ਅਤੇ ਲਿਮਿਟੇਸ਼ਨ ਪੀਰੀਅਡ ਬਾਰੇ ਵੀ ਜਾਗਰੂਕ ਕੀਤਾ। ਉਨ੍ਹਾਂ ਜੇਲ੍ਹ ਸੁਪਰਡੰਟ ਨੂੰ ਹਦਾਇਤ ਕੀਤੀ ਕਿ ਜੋ ਵੀ ਵਿਅਕਤੀ ਸਰਕਾਰੀ ਖਰਚੇ ਤੇ ਆਪਣੇ ਕੇਸ ਦੀ ਪੈਰਵਾਈ ਕਰਵਾਉਣਾ ਚਾਹੁੰਦਾ ਹੈ, ਉਸਦਾ ਫਾਰਮ ਭਰਕੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸੰਗਰੂਰ ਦੇ ਦਫ਼ਤਰ ਵਿਖੇ ਭੇਜਣੇ ਯਕੀਨੀ ਬਣਾਏ ਜਾਣ, ਤਾਂ ਜੋ ਅਗਲੇਰੀ ਕਾਰਵਾਈ ਕੀਤੀ ਜਾ ਸਕੇ। ਇਸ ਉਪਰੰਤ ਉਨ੍ਹਾਂ ਵੱਲੋਂ ਉਪ ਮੰਡਲ ਕਚਿਹਰੀ, ਮਲੇਰਕੋਟਲਾ ਦਾ ਵੀ ਦੌਰਾ ਕਰਕੇ ਜਾਇਜਾ ਲਿਆ ਗਿਆ । ਇਸ ਮੌਕੇ ਉਨ੍ਹਾਂ ਪੈਨਲ ਦੇ ਵਕੀਲ ਸਾਹਿਬਾਨ ਨਾਲ ਮੀਟਿੰਗ ਵੀ ਕੀਤੀ ਅਤੇ ਉਨ੍ਹਾਂ ਤੋਂ ਕਾਨੂੰਨੀ ਸਹਾਇਤ ਅਧੀਨ ਮਾਰਕ ਹੋਏ ਕੇਸਾਂ ਵਿੱਚ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ । ਇਸ ਮੌਕੇ ਚੇਅਰਪਰਸਨ,ਉਪ ਮੰਡਲ ਕਾਨੂੰਨੀ ਸੇਵਾਵਾਂ ਕਮੇਟੀ, ਮਾਲੇਰਕੋਟਲਾ ਸ੍ਰੀਮਤੀ ਰੂਪਾ ਧਾਲੀਵਾਲ ਵੀ ਮੌਜੂਦ ਸਨ।ਉਨ੍ਹਾਂ ਦੱਸਿਆ ਕਿ ਜਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸੰਗਰੂਰ ਸ਼੍ਰੀ ਮੁਨੀਸ਼ ਸਿੰਗਲ ਦੀ ਅਗਵਾਈ ਹੇਠ ਮਿਤੀ 11 ਮਈ, 2024 ਨੂੰ ਉਪ ਮੰਡਲ ਮਲੇਰਕੋਟਲਾ ਅਤੇ ਜਿਲ੍ਹਾ ਸੰਗਰੂਰ , ਸੁਨਾਮ, ਧੂਰੀ ਅਤੇ ਮੂਨਕ ਦੀਆਂ ਕਚਹਿਰੀਆ ਵਿਖੇ ਕੌਮੀ ਲੋਕ ਅਦਾਲਤ ਦਾ ਅਯੋਜਨ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੇ ਆਮ ਲੋਕ ਨੂੰ ਅਪੀਲ ਕੀਤੀ ਕਿ ਇਸ ਕੌਮੀ ਲੋਕ ਅਦਾਲਤ ਦਾ ਜਿਆਦਾ ਤੋ ਜਿਆਦਾ ਲਾਭ ਲੈਂਣ ਅਤੇ ਆਪਣੇ ਚੱਲ ਰਹੇ ਕੇਸਾਂ ਦਾ ਆਪਸੀ ਸਮਝੌਤੇ ਰਾਹੀਂ ਨਿਪਟਾਰਾ ਕਰਾਉਣ।