ਸੁਨਾਮ : ਮਿਡ ਡੇ ਮੀਲ ਕੁੱਕ ਵਰਕਰ ਯੂਨੀਅਨ ਦੀ ਮੰਗਲਵਾਰ ਨੂੰ ਸੁਨਾਮ ਦੇ ਮਾਤਾ ਮੋਦੀ ਪਾਰਕ ਵਿੱਚ ਹੋਈ ਮੀਟਿੰਗ ਦੌਰਾਨ ਕੇਂਦਰ ਅਤੇ ਸੂਬਾ ਸਰਕਾਰ ਖ਼ਿਲਾਫ਼ ਰੱਜਕੇ ਭੜਾਸ ਕੱਢੀ। ਇਸ ਮੌਕੇ ਸੀਟੀਯੂ ਆਗੂਆਂ ਸਰਬਜੀਤ ਸਿੰਘ ਵੜੈਚ, ਜਸਪਾਲ ਕੌਰ ਬੀਰ ਕਲਾਂ ਅਤੇ ਮੱਖਣ ਸਿੰਘ ਜਖੇਪਲ ਨੇ ਕਿਹਾ ਕਿ ਕੇਂਦਰ ਵਿਚਲੀ ਨਰਿੰਦਰ ਮੋਦੀ ਅਤੇ ਸੂਬੇ ਦੀ ਭਗਵੰਤ ਮਾਨ ਸਰਕਾਰ ਮਿਡ ਡੇ ਮੀਲ ਕੁੱਕ ਵਰਕਰਾਂ ਦੀਆਂ ਉਜ਼ਰਤਾਂ ਵਿੱਚ ਵਾਧਾ ਕਰਨ ਤੋਂ ਟਾਲਾ ਵੱਟ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਵੋਟਾਂ ਮੰਗਣ ਆਉਣ ਸਮੇਂ ਕਾਲ਼ੇ ਝੰਡਿਆਂ ਨਾਲ ਵਿਰੋਧ ਕੀਤਾ ਜਾਵੇਗਾ।ਮਿੱਡ ਡੇ ਮੀਲ ਕੁੱਕ ਵਰਕਰਾਂ ਦੀਆਂ ਉਜ਼ਰਤਾਂ ਸਬੰਧੀ ਸਵਾਲ ਵੀ ਕੀਤੇ ਜਾਣਗੇ। ਬਰਾਬਰ ਕੰਮ ਬਰਾਬਰ ਤਨਖਾਹ ਕਿਉਂ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਪੰਦਰਾਂ ਪੰਦਰਾਂ ਸਾਲ ਤੋਂ ਸੇਵਾਵਾਂ ਨਿਭਾਅ ਰਹੇ ਕੁੱਕ ਵਰਕਰਾਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ। ਕਮਿਊਨਿਸਟ ਆਗੂਆਂ ਨੇ ਕਿਹਾ ਕਿ ਰਾਜਨੀਤਕ ਪਾਰਟੀਆਂ ਵੱਲੋਂ ਚੋਣਾਂ ਸਮੇਂ ਜਾਰੀ ਕੀਤੇ ਜਾ ਰਹੇ ਚੋਣ ਮਨੋਰਥ ਪੱਤਰ ਨੂੰ ਕਾਨੂੰਨੀ ਗਾਰੰਟੀ ਦੇ ਦਾਇਰੇ ਵਿੱਚ ਲਿਆਉਣ ਲਈ ਰਾਸ਼ਟਰਪਤੀ ਅਤੇ ਮੁਲਕ ਦੀ ਸਿਖਰਲੀ ਅਦਾਲਤ ਤੋਂ ਮੰਗ ਕੀਤੀ ਗਈ ਹੈ। ਇਸ ਮੌਕੇ ਨਿਰਮਲ ਕੌਰ, ਅਮਨਦੀਪ ਕੌਰ, ਪਰਮਜੀਤ ਕੌਰ ਲੌਂਗੋਵਾਲ ਸਮੇਤ ਹੋਰ ਮੈਂਬਰ ਹਾਜ਼ਰ ਸਨ।