ਪਟਿਆਲਾ : ਜ਼ਿਲ੍ਹਾ ਚੋਣ ਅਫ਼ਸਰ ਪਟਿਆਲਾ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 1 ਜੂਨ 2024 ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਸਬੰਧੀ ਵੋਟਰਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਅੱਜ ਜ਼ਿਲ੍ਹਾ ਸਵੀਪ ਟੀਮ ਵੱਲੋਂ ਪਹਿਲੀ ਵਾਰ ਵੋਟ ਪਾਉਣ ਜਾ ਰਹੇ ਵੋਟਰਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ, ਪਹਿਲੀ ਮੀਟਿੰਗ ਸਰਕਾਰੀ ਆਯੁਰਵੈਦਿਕ ਕਾਲਜ ਪਟਿਆਲਾ ਵਿਖੇ ਹੋਈ। ਜਿੱਥੇ ਲਗਭਗ 200 ਦੇ ਕਰੀਬ ਵਿਦਿਆਰਥੀਆਂ ਨੇ ਚੋਣ ਕਮਿਸ਼ਨ ਦੀਆਂ ਵੋਟਰਾਂ ਲਈ ਸੁਵਿਧਾਵਾਂ ਜਿਵੇਂ ਕਿ ਵੱਖ-ਵੱਖ ਐਪਸ, 12-ਡੀ ਫਾਰਮ ਅਤੇ ਦਿਵਿਆਂਗ ਵੋਟਰਾਂ ਲਈ ਵਿਸ਼ੇਸ਼ ਸਹੂਲਤਾਂ ਸਬੰਧੀ ਜਾਣਕਾਰੀ ਹਾਸਲ ਕੀਤੀ। ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਡਾ. ਸਵਿੰਦਰ ਰੇਖੀ ਨੇ ਵਿਦਿਆਰਥੀਆਂ ਨੂੰ ਉਪਰੋਕਤ ਜਾਣਕਾਰੀ ਆਪਣੇ ਦੋਸਤਾ, ਰਿਸ਼ਤੇਦਾਰਾਂ ਅਤੇ ਆਪਣੇ ਪੜੋਸੀਆਂ ਨਾਲ ਸਾਂਝੀ ਕਰਨ ਲਈ ਕਿਹਾ ਅਤੇ ਲੋਕਤੰਤਰ ਦੀ ਮਜ਼ਬੂਤੀ ਲਈ ਵਿਦਿਆਰਥੀ ਵੋਟਰਾਂ ਨੂੰ ਆਪਣੇ ਗੁਆਂਢ ਵਿੱਚ ਘਰੋ-ਘਰੀ ਜਾ ਕੇ ਵੋਟ ਪਾਉਣ ਦਾ ਸੁਨੇਹਾ ਦੇਣ ਲਈ ਪ੍ਰੇਰਿਤ ਕੀਤਾ। ਇਸ ਮੀਟਿੰਗ ਦੌਰਾਨ ਆਯੁਰਵੈਦਿਕ ਕਾਲਜ ਦੀ ਵਿਦਿਆਰਥਣ ਅਰਸ਼ਦੀਪ ਕੌਰ ਨੇ ਪਹਿਲੀ ਵਾਰ ਵੋਟ ਪਾਉਣ ਜਾਣ ਬਾਰੇ ਆਪਣੇ ਅਨੁਭਵਾਂ ਤੇ ਇੱਕ ਰਚਨਾ ਵੀ ਪੇਸ਼ ਕੀਤੀ। ਇਸ ਮੌਕੇ ਸਵੀਪ ਪਟਿਆਲਾ-115 ਦੇ ਨੋਡਲ ਅਫ਼ਸਰ ਸ੍ਰੀ ਰੁਪਿੰਦਰ ਸਿੰਘ, ਆਯੁਰਵੈਦਿਕ ਕਾਲਜ ਦੇ ਨੋਡਲ ਅਫ਼ਸਰ ਡਾ. ਅਮਨਦੀਪ ਸਿੰਘ, ਜ਼ਿਲ੍ਹਾ ਸਹਾਇਕ ਨੋਡਲ ਅਫ਼ਸਰ ਮੋਹਿਤ ਕੌਸ਼ਲ ਅਤੇ ਅਵਤਾਰ ਸਿੰਘ ਹਾਜ਼ਰ ਸਨ।