ਕੁਰਾਲੀ : ਇੱਥੋਂ ਨੇੜਲੇ ਇਤਿਹਾਸਿਕ ਕਸਬੇ ਖਿਜਰਾਬਾਦ ਤੋਂ ਨੇੜਲੇ ਪਿੰਡ ਝੰਡੇਮਾਜਰਾ ਸਮੇਤ ਹੋਰਨਾਂ ਪਿੰਡਾਂ ਨੂੰ ਜੋੜਦੀ ਸੜਕ ਤੇ ਪ੍ਰੀਮਿਕਸ ਪਾਉਣ ਦੇ ਕੰਮ ਦੀ ਸ਼ੁਰੂਆਤ ਅੱਜ ਇਲਾਕੇ ਦੇ ਕਾਂਗਰਸੀ ਆਗੂਆਂ ਨੇ ਕਿਰਪਾਲ ਸਿੰਘ ਖਿਜਰਾਬਾਦ ਚੇਅਰਮੈਨ ਮਾਰਕੀਟ ਕਮੇਟੀ ਕੁਰਾਲੀ ਦੀ ਅਗਵਾਈ ਹੇਠ ਕਰਵਾਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਖਿਜਰਾਬਾਦ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਆਪਣੀ ਤਰਸਯੋਗ ਹਾਲਤ ਬਿਆਨ ਕਰਦੀਆਂ ਇਲਾਕੇ ਦੀਆਂ ਸਮੁੱਚੀਆਂ ਲਿੰਕ ਸੜਕਾਂ ਨੂੰ ਜਗਮੋਹਨ ਸਿੰਘ ਕੰਗ ਸਾਬਕਾ ਕੈਬਨਿਟ ਮੰਤਰੀ ਦੀ ਰਹਿਨਮਾਈ ਨਾਲ ਨਵੀਨੀਕਰਨ ਦਾ ਰੂਪ ਦਿੱਤਾ ਜਾ ਰਿਹਾ ਹੈ। ਉਨ•ਾਂ ਦੱਸਿਆ ਕਿ ਇਲਾਕੇ ਦੇ ਪਿੰਡਾਂ ਦੀਆਂ ਲਿੰਕ ਸੜਕਾਂ ਦੇ ਨਿਰਮਾਣ ਅਤੇ ਮੁਰੰਮਤ ਲਈ ਸ. ਕੰਗ ਵੱਲੋਂ ਲੋਕ ਨਿਰਮਾਣ ਮੰਤਰੀ ਨਾਲ ਵਿਸ਼ੇਸ਼ ਤੌਰ ਤੇ ਮੁਲਾਕਾਤ ਕਰਕੇ ਇਨ•ਾਂ ਪਿੰਡਾਂ ਦੀਆਂ ਲਿੰਕ ਸੜਕਾਂ ਲਈ ਵਿਸ਼ੇਸ਼ ਗ੍ਰਾਂਟ ਲਿਆਂਦੀ ਗਈ ਹੈ, ਜਿਸ ਤਹਿਤ ਕਸਬਾ ਖਿਜਰਾਬਾਦ ਅਤੇ ਸ਼ਹਿਰ ਕੁਰਾਲੀ ਨੂੰ ਲਗਦੀਆਂ ਲਗਭਗ ਸਾਰੀਆਂ ਹੀ ਸੜਕਾਂ ਦੀ ਦਸ਼ਾ ਬਦਲੀ ਜਾ ਰਹੀ ਹੈ। ਇਸ ਮੌਕੇ ਗੁਰਿੰਦਰ ਸਿੰਘ ਸਰਪੰਚ ਹੇਠਲੀ ਪੱਤੀ ਖਿਜਰਾਬਾਦ ਨੇ ਦੱਸਿਆ ਕਿ ਕਸਬਾ ਖਿਜਰਾਬਾਦ ਨੂੰ ਇਲਾਕੇ ਦੇ ਅੱਧੀ ਦਰਜਨ ਦੇ ਕਰੀਬ ਪਿੰਡਾਂ ਨਾਲ ਜੋੜਣ ਵਾਲੀ ਇਸ ਲਿੰਕ ਸੜਕ ਦੇ ਬਣਨ ਨਾਲ ਇਨ•ਾਂ ਪਿੰਡਾਂ ਦੇ ਲੋਕਾਂ ਦੀ ਚਿਰੋਕਣੀ ਮੰਗ ਨੂੰ ਬੂਰ ਪੈ ਰਿਹਾ ਹੈ। ਉਨ•ਾਂ ਦੱਸਿਆ ਕਿ 64 ਲੱਖ ਦੇ ਕਰੀਬ ਦੀ ਲਾਗਤ ਨਾਲ ਬਣਨ ਵਾਲੀ ਇਸ ਲਿੰਕ ਸੜਕ ਦੇ ਦੋਵੇਂ ਪਾਸੇ ਤਿੰਨ ਤਿੰਨ ਫੁੱਟ ਇੱਟਾਂ ਵੀ ਲਗਾਈਆਂ ਜਾ ਰਹੀਆਂ ਹਨ, ਤਾਂ ਜੋ ਇਸ ਸੜਕ ਤੋਂ ਗੁਜਰਣ ਵਾਲਿਆਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ। ਸਰਪੰਚ ਗੁਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਇਨ•ਾਂ ਪਿੰਡਾਂ ਸਮੇਤ ਇਲਾਕੇ ਦੇ ਸੈਕੜੇ ਪਿੰਡਾਂ ਦੀਆਂ ਸੜਕਾਂ ਲੁੱਕ ਲਈ ਤਰਸ ਗਈਆਂ ਸਨ ਅਤੇ ਲਿੰਕ ਸੜਕਾਂ ਤੇ ਪਏ ਡੂੰਘੇ-ਡੂੰਘੇ ਟੋਇਆਂ ਕਾਰਨ ਆਏ ਦਿਨ ਹਾਦਸੇ ਵਾਪਰਦੇ ਰਹਿੰਦੇ ਸਨ, ਜਦਕਿ ਹੁਣ ਇਹ ਸੜਕਾਂ ਬਣਨ ਨਾਲ ਹਾਦਸਿਆਂ ਦੀ ਮਾਤਰਾ ਬਿਲਕੁਲ ਨਾਮਾਤਰ ਰਹਿ ਗਈ ਹੈ ਅਤੇ ਇਲਾਕਾ ਵਾਸੀਆਂ ਨੇ ਸੁੱਖ ਦਾ ਸਾਹ ਲਿਆ ਹੈ। ਉਨ•ਾਂ ਕਿਹਾ ਕਿ ਪਿੰਡ ਦੀਆਂ ਦੋਵੇਂ ਪੰਚਾਇਤਾਂ ਇੱਕਜੁੱਟ ਹੋ ਕੇ ਪਿੰਡ ਦੇ ਵਿਕਾਸ ਅਤੇ ਖੁਸ਼ਹਾਲੀ ਲਈ ਵਚਨਬੱਧ ਹਨ। ਉਨ•ਾਂ ਇਲਾਕੇ ਦੀਆਂ ਸੜਕਾਂ ਦੀ ਹਾਲਤ ਸੁਧਾਰਨ ਲਈ ਕਾਂਗਰਸ ਸਰਕਾਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਬੀ ਜਸਵੀਰ ਕੌਰ ਸਰਪੰਚ ਉਪਰਲੀ ਪੱਤੀ, ਚੌਧਰੀ ਰਾਏ ਸਿੰਘ, ਅਮਰਜੀਤ ਸਿੰਘ, ਪਵਨ ਕੁਮਾਰ, ਲਾਭ ਸਿੰਘ ਸਾਰੇ ਮੈਂਬਰ ਪੰਚਾਇਤ, ਜਸਵਿੰਦਰ ਸਿੰਘ ਕਾਲਾ ਸਮਾਜ ਸੇਵੀ, ਸਤਨਾਮ ਸਿੰਘ ਸੱਤਾ ਸੀਨੀਅਰ ਕਾਂਗਰਸੀ ਆਗੂ ਅਤੇ ਇਲਾਕੇ ਦੇ ਮੋਹਤਬਰ ਹਾਜਰ ਸਨ।