ਪਟਿਆਲਾ : ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਸੂਚੀ ਮੁਤਾਬਕ ਜਰੂਰੀ ਸੇਵਾਵਾਂ ਵਿੱਚ ਲੱਗੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਮੁਲਾਜਮਾਂ ਸਮੇਤ ਮਾਨਤਾ ਪ੍ਰਾਪਤ ਪੱਤਰਕਾਰਾਂ ਦੀਆਂ ਵੋਟਾਂ ਲਾਜਮੀ ਪੁਆਉਣ ਲਈ ਨਿਰਧਾਰਤ ਫਾਰਮ ਨੰਬਰ 12-ਡੀ ਭਰੇ ਜਾ ਰਹੇ ਹਨ। ਇਹ ਪ੍ਰਗਟਾਵਾ ਨੋਡਲ ਅਫ਼ਸਰ ਲੋਕ ਸਭਾ ਚੋਣਾਂ-ਕਮ-ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਮਨੀਸ਼ਾ ਰਾਣਾ ਅਤੇ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਡਾ. ਹਰਜਿੰਦਰ ਸਿੰਘ ਬੇਦੀ ਨੇ ਕੀਤਾ। ਮਨੀਸ਼ਾ ਰਾਣਾ ਤੇ ਡਾ. ਹਰਜਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਜ਼ਿਲ੍ਹਾ ਚੋਣ ਅਫ਼ਸਰ ਸ਼ੌਕਤ ਅਹਿਮਦ ਪਰੇ ਦੀ ਅਗਵਾਈ ਹੇਠ ਫਾਰਮ 12 ਡੀ ਭਰਨ ਵਾਲੇ ਵੋਟਰਾਂ ਦੀਆਂ ਵੋਟਾਂ ਮਿਤੀ 23, 24 ਤੇ 25 ਮਈ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਟਿਆਲਾ ਵਿਖੇ ਬਣਾਏ ਜਾਣ ਵਾਲੇ ਵੋਟਰ ਫੈਸਿਲੀਟੇਸ਼ਨ ਸੈਂਟਰ ਵਿਖੇ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਪੁਆਈਆਂ ਜਾਣਗੀਆਂ।ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਪੋਸਟਲ ਬੈਲੇਟ ਦੀ ਸਹੂਲਤ ਲੈਣ ਵਾਲੇ ਵੋਟਰ, ਪੋਸਟਲ ਬੈਲਟ ਜਾਰੀ ਹੋਣ ਤੋਂ ਬਾਅਦ 1 ਜੂਨ ਨੂੰ ਆਪਣੀ ਵੋਟ ਆਪਣੇ ਬੂਥ ਵਿੱਚ ਨਹੀਂ ਪਾ ਸਕਣਗੇ, ਕਿਉਂਕਿ ਉਸਦੀ ਵੋਟ ਵੋਟਰ ਸੂਚੀ ਵਿੱਚ ਮਾਰਕਡ ਹੋ ਜਾਵੇਗੀ।
ਉਨ੍ਹਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਸੂਚੀ ਵਿੱਚ ਵੱਖ-ਵੱਖ ਵਿਭਾਗਾਂ ਸਮੇਤ ਚੋਣਾਂ ਸਮੇਂ ਮੀਡੀਆ ਕਵਰੇਜ ਕਰਨ ਕਰਨ ਵਾਲੇ ਮੀਡੀਆ ਕਰਮੀਆਂ ਨੂੰ ਵੀ ਲੋਕ ਸਭਾ ਚੋਣਾਂ 2024 ਵਿੱਚ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਲਈ ਸਬੰਧਤ ਵਿਭਾਗਾਂ ਦੇ ਨੋਡਲ ਅਫ਼ਸਰ ਜਰੂਰੀ ਸੇਵਾਵਾਂ ਸ਼੍ਰੇਣੀ ਵਿੱਚ ਆਉਣ ਵਾਲੇ ਵੋਟਰਾਂ ਦੇ ਫਾਰਮ 12-ਡੀ ਭਰਕੇ ਤੁਰੰਤ ਪੁੱਜਦੇ ਕਰਨੇ ਯਕੀਨੀ ਬਣਾਉਣ। ਮਨੀਸ਼ਾ ਰਾਣਾ ਨੇ ਕਿਹਾ ਕਿ ਸਮੂਹ ਨੋਡਲ ਅਫ਼ਸਰ ਇਹ ਵੀ ਯਕੀਨੀ ਬਣਾਉਣ ਕਿ ਫਾਰਮ ਵਿੱਚ ਵੋਟਰ ਦਾ ਨਾਮ, ਵੋਟਰ ਕਾਰਡ ਦਾ ਨੰਬਰ, ਐਡਰੈਸ, ਵੋਟਰ ਸੂਚੀ ਵਿੱਚ ਵੋਟਰ ਦਾ ਸੀਰੀਅਲ ਨੰਬਰ ਦਰਜ ਕੀਤਾ ਜਾਵੇ ਇਸ ਦਾ ਰਿਕਾਰਡ ਆਪਦੇ ਦਫ਼ਤਰ ਵਿੱਚ ਵੀ ਰੱਖਿਆ ਜਾਵੇ। ਏ.ਡੀ.ਸੀ. ਡਾ. ਬੇਦੀ ਨੇ ਅੱਗੇ ਦੱਸਿਆ ਕਿ ਕਮਿਸ਼ਨ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ, ਵੋਟਿੰਗ ਵਾਲੇ ਦਿਨ ਦੀ ਕਵਰੇਜ ਲਈ ਕਮਿਸ਼ਨ ਵੱਲੋਂ ਮਾਨਤਾ ਪ੍ਰਾਪਤ ਮੀਡੀਆ ਕਰਮੀਆਂ ਅਤੇ ਸੂਬਾ ਸਰਕਾਰ ਦੇ ਹੋਰ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 60 (ਸੀ) ਦੇ ਤਹਿਤ ਪੋਸਟਲ ਬੈਲਟ ਰਾਹੀਂ ਵੋਟ ਪਾ ਸਕਣਗੇ। ਉਨ੍ਹਾਂ ਕਿਹਾ ਕਿ ਪੋਸਟਲ ਬੈਲਟ ਰਾਹੀਂ ਦਿੱਤੀ ਇਸ ਸੁਵਿਧਾ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਵਿਅਕਤੀ ਆਪਣੀ ਡਿਊਟੀ ਦੇ ਫਰਜ਼ ਕਾਰਨ ਵੋਟ ਪਾਉਣ ਤੋਂ ਵਾਂਝਾ ਨਾ ਰਹੇ।
ਉਨ੍ਹਾਂ ਦੱਸਿਆ ਕਿ ਪੋਸਟਲ ਬੈਲਟ ਰਾਹੀਂ ਵੋਟਾਂ ਪਾਉਣ ਵਾਲਿਆਂ ਵਿੱਚ ਪੱਤਰਕਾਰਾਂ ਸਮੇਤ ਦੂਰਦਰਸ਼ਨ, ਆਲ ਇੰਡੀਆ ਰੇਡੀਓ ਤੇ ਪ੍ਰੈਸ ਇਨਫਰਮੇਸ਼ਨ ਬਿਊਰੋ ਦੇ ਮੁਲਾਜਮਾਂ ਦੇ ਨਾਲ-ਨਾਲ ਸਥਾਨਕ ਸਰਕਾਰਾਂ ਵਿਭਾਗ (ਫਾਇਰ ਸਰਵਿਸਿਜ਼), ਟਰਾਂਸਪੋਰਟ ਵਿਭਾਗ (ਡਰਾਈਵਰ, ਕੰਡਕਟਰ, ਵਰਕ ਸ਼ਾਪ ਸਟਾਫ, ਓਪਰੇਸ਼ਨ ਸਟਾਫ ਅਤੇ ਜ਼ਿਲ੍ਹਾ ਪੱਧਰ 'ਤੇ ਹੈੱਡਕੁਆਰਟਰ ਅਤੇ ਡਿਪੂਆਂ ਵਿੱਚ ਤਾਇਨਾਤ ਅਧਿਕਾਰੀ), ਜੇਲ੍ਹ ਵਿਭਾਗ (ਸੁਪਰਡੈਂਟ, ਡਿਪਟੀ ਸੁਪਰਡੈਂਟ, ਸਹਾਇਕ ਸੁਪਰਡੈਂਟ ਅਤੇ ਜੇਲ੍ਹਾਂ ਵਿੱਚ ਤਾਇਨਾਤ ਸੁਰੱਖਿਆ ਸਟਾਫ਼), ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ (ਪੁਲਿਸ ਅਧਿਕਾਰੀ, ਪੁਲਿਸ ਕਰਮਚਾਰੀ, ਸਿਵਲ ਡਿਫੈਂਸ ਅਤੇ ਹੋਮ ਗਾਰਡ), ਬਿਜਲੀ ਵਿਭਾਗ (ਰਾਜ ਪਾਵਰ ਕਾਰਪੋਰੇਸ਼ਨ ਅਤੇ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਦਾ ਜਨਰੇਸ਼ਨ ਯੂਨਿਟਾਂ ਵਿੱਚ ਤਾਇਨਾਤ ਸਟਾਫ਼, ਥਰਮਲ ਪਲਾਂਟ, ਹਾਈਡਲ ਯੂਨਿਟਾਂ (ਸੂਬੇ ਦੇ ਅੰਦਰ ਜਾਂ ਬਾਹਰ), ਬੀਬੀਐਮਬੀ ਲਈ ਡੈਪੂਟੇਸ਼ਨ 'ਤੇ ਸਟਾਫ਼ ਅਤੇ ਗਰਿੱਡ ਸਬ ਸਟੇਸ਼ਨ ਵਿੱਚ ਤਾਇਨਾਤ ਫੀਲਡ ਸਟਾਫ਼), ਸਿਹਤ ਅਤੇ ਪਰਿਵਾਰ ਭਲਾਈ ਵਿਭਾਗ (ਏ) ਖੁਰਾਕ ਅਤੇ ਡਰੱਗ ਪ੍ਰਸ਼ਾਸਨ ਦੇ ਕਮਿਸ਼ਨਰੇਟ ਅਧੀਨ ਕੰਮ ਕਰਨ ਵਾਲੇ ਡਰੱਗ ਕੰਟਰੋਲ ਅਧਿਕਾਰੀ (ਬੀ) ਮੈਡੀਕਲ ਅਤੇ ਪੈਰਾ-ਮੈਡੀਕਲ ਸਟਾਫ਼ ਵੋਟਾਂ ਵਾਲੇ ਦਿਨ ਕੰਮ ਕਰ ਰਿਹਾ/ਡਿਊਟੀ 'ਤੇ ਤਾਇਨਾਤ ਸਟਾਫ ਤੋਂ ਇਲਾਵਾ ਏਅਰਪੋਰਟ ਅਥਾਰਟੀ ਆਫ਼ ਇੰਡੀਆ ਵਿੱਚ ਕੰਮ ਕਰਦਾ ਸਟਾਫ਼ ਵੀ ਸ਼ਾਮਿਲ ਹੈ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਨੋਡਲ ਅਫ਼ਸਰ ਤੇ ਚੋਣ ਤਹਿਸੀਲਦਾਰ ਵਿਜੇ ਕੁਮਾਰ ਚੌਧਰੀ ਵੀ ਮੌਜੂਦ ਸਨ।