ਸੰਦੌੜ : ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਨੇ ਅੱਜ ਹਲਕੇ ਦੇ ਪਿੰਡ ਖੁਰਦ, ਬਾਪਲਾ, ਕਸਬਾ ਸੰਦੌੜ, ਚੀਮਾ, ਢੰਡੇਵਾੜਾ, ਹਥਨ ਅਤੇ ਜਮਾਲਪੁਰ ਕੱਚਾ ਦਰਵਾਜਾ ਸਮੇਤ ਵੱਖ-ਵੱਖ ਥਾਵਾਂ 'ਤੇ ਸੰਗਤ ਦਰਸ਼ਨ ਕਰਕੇ ਲੋਕ ਸਭਾ ਹਲਕਾ ਸੰਗਰੂਰ ਸਮੇਤ ਸਮੁੱਚੇ ਪੰਜਾਬ ਦੀ ਖੁਸ਼ਹਾਲੀ ਅਤੇ ਸਰਕਾਰਾਂ ਵੱਲੋਂ ਘੱਟ ਗਿਣਤੀ ਕੌਮਾਂ ਉੱਪਰ ਕੀਤੇ ਜਾਣ ਵਾਲੇ ਜੁਲਮਾਂ ਨੂੰ ਰੋਕਣ ਲਈ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦਾ ਸਾਥ ਦੇਣ ਦੀ ਅਪੀਲ ਕੀਤੀ | ਇਸ ਦੌਰਾਨ ਐਮ.ਪੀ. ਸ. ਮਾਨ ਦਾ ਵੱਖ-ਵੱਖ ਥਾਵਾਂ 'ਤੇ ਭਰਵਾਂ ਸਵਾਗਤ ਕੀਤਾ ਗਿਆ |
ਵੱਖ-ਵੱਖ ਥਾਵਾਂ 'ਤੇ ਸੰਗਤ ਦਰਸ਼ਨਾਂ ਨੂੰ ਸੰਬੋਧਨ ਕਰਦਿਆਂ ਸ. ਮਾਨ ਨੇ ਕਿਹਾ ਕਿ ਜਿਸ ਤਰ੍ਹਾਂ ਕਾਂਗਰਸ ਪਾਰਟੀ ਨੇ 1984 ਵਿੱਚ ਸਿੱਖਾਂ ਦਾ ਕਤਲੇਆਮ ਕਰਵਾਇਆ, ਉਸੇ ਤਰ੍ਹਾਂ ਭਾਜਪਾ ਨੇ 2002 ਦੇ ਵਿੱਚ ਵੱਡੇ ਪੱਧਰ 'ਤੇ ਮੁਸਲਮਾਨ ਭਾਈਚਾਰੇ ਦਾ ਕਤਲੇਆਮ ਕਰਵਾਇਆ | ਕਤਲ ਅਤੇ ਹੱਤਿਆਵਾਂ ਦੇ ਦੋਸ਼ੀਆਂ ਨੂੰ ਸਖਤ ਸਜਾਵਾਂ ਦੇਣ ਦੀ ਪੈਰਵੀ ਕਰਨ ਦੀ ਬਜਾਏ ਮੋਦੀ ਸਰਕਾਰ ਨੇ ਗੁਜਰਾਤ ਦੰਗਿਆਂ ਦੇ ਦੋਸ਼ੀਆਂ ਦੀ ਸਜਾ ਮੁਆਫ਼ ਕਰਵਾ ਕੇ ਉਨ੍ਹਾਂ ਦਾ ਜੋਰਦਾਰ ਸਵਾਗਤ ਕਰਵਾਇਆ | ਸ. ਮਾਨ ਨੇ ਕਿਹਾ ਕਿ ਕਾਂਗਰਸ ਅਤੇ ਭਾਜਪਾ ਵੱਲੋਂ ਦੇਸ਼ ਦੇ ਵੱਖ- ਵੱਖ ਹਿੱਸਿਆਂ ਵਿੱਚ ਘੱਟ ਗਿਣਤੀਆਂ ਉੱਪਰ ਕੀਤੇ ਜੁਲਮਾਂ ਤੋਂ ਇਨ੍ਹਾਂ ਪਾਰਟੀਆਂ ਦੇ ਘੱਟ ਗਿਣਤੀ ਵਿਰੋਧੀ ਸੋਚ ਸਪੱਸ਼ਟ ਹੁੰਦੀ ਹੈ ਅਤੇ ਇਨ੍ਹਾਂ ਪਾਰਟੀਆਂ ਤੋਂ ਘੱਟ ਗਿਣਤੀ ਕੌਮਾਂ ਦੇ ਭਲੇ ਦੀ ਕੋਈ ਆਸ ਨਹੀਂ ਹੈ |
ਸ. ਮਾਨ ਨੇ ਕਿਹਾ ਕਿ ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਤਿੰਨੋਂ ਪਾਰਟੀਆਂ ਵੱਲੋਂ ਚੋਣਾਂ ਦੇ ਮੱਦੇਨਜਰ ਫਿਰ ਤੋਂ ਵੱਡੇ ਵੱਡੇ ਝੂਠੇ ਵਾਅਦੇ ਅਤੇ ਗਾਰੰਟੀਆਂ ਦਿੱਤੀਆਂ ਜਾ ਰਹੀਆਂ ਹਨ ਪਰ ਜਦੋਂ ਪਹਿਲਾਂ ਵਾਲੇ ਵਾਅਦੇ ਅਤੇ ਗਾਰੰਟੀਆਂ ਹੀ ਪੂਰੀਆਂ ਨਹੀਂ ਹੋਈਆਂ ਤਾਂ ਨਵੇਂ ਵਾਅਦਿਆਂ ਅਤੇ ਗਾਰੰਟੀਆਂ ਦੇਣ ਦਾ ਕੀ ਫਾਇਦਾ? ਸ. ਮਾਨ ਨੇ ਕਿਹਾ ਕਿ ਹਾਲੇ ਤੱਕ ਕਾਂਗਰਸ ਨੇ ਇੰਦਰਾ ਗਾਂਧੀ ਵੱਲੋਂ ਗਰੀਬਾ ਨੂੰ ਰੋਟੀ, ਕੱਪੜਾ ਅਤੇ ਮਕਾਨ ਦੇਣ ਦਾ ਜੋ ਵਾਅਦਾ ਕੀਤਾ ਗਿਆ ਸੀ, ਉਹ ਵੀ ਨਿਭਾਇਆ ਨਹੀਂ ਗਿਆ | ਮੋਦੀ ਨੇ ਘਰ-ਘਰ ਨੌਕਰੀ ਦਾ ਵਾਅਦਾ ਕਰਕੇ ਸੱਤਾ ਹਾਸਲ ਕੀਤੀ ਸੀ ਪਰ ਸੱਤਾ ਹਾਸਲ ਹੋਣ ਮਗਰੋਂ ਵਾਅਦਾ ਪੂਰਾ ਨਹੀਂ ਕੀਤਾ ਗਿਆ | ਇਸੇ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਆਏ ਦਿਨ ਨਵੀਆਂ ਗਾਰੰਟੀਆਂ ਚੋਣਾਂ ਦੇ ਮੱਦੇਨਜਰ ਲੋਕਾਂ ਨੂੰ ਦੇ ਰਹੇ ਹਨ, ਜਦੋਂਕਿ ਇਨ੍ਹਾਂ ਵੱਲੋਂ ਪਿਛਲੀਆਂ ਚੋਣਾਂ ਸਮੇਂ ਲੋਕਾਂ ਨਾਲ ਕੀਤੇ ਵਾਅਦੇ ਵੀ ਪੂਰੇ ਨਹੀਂ ਹੋਏ | ਸ. ਮਾਨ ਨੇ ਕਿਹਾ ਕਿ ਇਨ੍ਹਾਂ ਰਿਵਾਇਤੀ ਸਿਆਸੀ ਪਾਰਟੀਆਂ ਨੂੰ ਲੋਕਾਂ ਦੇ ਮਸਲਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ | ਇਹ ਸਿਰਫ ਚੋਣਾਂ ਸਮੇਂ ਝੂਠੇ ਵਾਅਦੇ ਕਰਕੇ ਆਪਣਾ ਉਲੂ ਸਿੱਧਾ ਕਰਦੀਆਂ ਹਨ | ਸ. ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਵਾਅਦੇ ਕਰਕੇ ਮੁਕਰਨ ਵਾਲੀਆਂ ਸਿਆਸੀ ਪਾਰਟੀਆਂ ਨੂੰ ਸਬਕ ਸਿਖਾਇਆ ਜਾਵੇ ਅਤੇ ਲੋਕਾਂ ਦੇ ਹੱਕਾਂ ਦੀ ਆਵਾਜ ਨੂੰ ਬੁਲੰਦ ਕਰਨ ਲਈ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਉਮੀਦਵਾਰਾਂ ਨੂੰ ਜਿਤਾ ਕੇ ਸੰਸਦ ਭੇਜਿਆ ਜਾਵੇ |
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਦੇਵ ਸਿੰਘ ਪੱਪੂ, ਗੁਰਮੁੱਖ ਸਿੰਘ ਫਰਵਾਲੀ, ਜਥੇਦਾਰ ਨਘਾਈਆ ਸਿੰਘ ਸੰਦੌੜ, ਪ੍ਰੀਤਪਾਲ ਸਿੰਘ ਬਾਪਲਾ, ਤਰਨਵੀਰ ਸਿੰਘ ਖੁਰਦ, ਮਾਸਟਰ ਕਰਨੈਲ ਸਿੰਘ ਨਾਰੀਕੇ, ਬਿੱਟੂ ਚੌਹਾਨ, ਹਰਦੀਪ ਸਿੰਘ ਨਾਰੀਕੇ, ਤਰਕਸ਼ਦੀਪ ਸਿੰਘ ਥਿੰਦ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਦੇ ਆਗੂ ਅਤੇ ਵਰਕਰ ਹਾਜਰ ਸਨ |