ਸ. ਸਿਮਰਨਜੀਤ ਸਿੰਘ ਮਾਨ ਨੇ ਮਾਲੇਰਕੋਟਲਾ ਦੇ 786 ਚੌਕ ਵਿਖੇ ਚੋਣ ਜਲਸੇ ਨੂੰ ਕੀਤਾ ਸੰਬੋਧਨ
ਮਾਲੇਰਕੋਟਲਾ : ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਟੀ ਦੇ ਉਮੀਦਵਾਰ ਸ. ਸਿਮਰਨਜੀਤ ਸਿੰਘ ਮਾਨ ਨੇ ਸਥਾਨਕ 786 ਚੌਕ ਵਿਖੇ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਨ੍ਹਾਂ ਇਲੈਕਸ਼ਨਾ ਨੇ ਇੰਡੀਆ ਦੀ ਤਸਵੀਰ ਬਦਲ ਦੇਣੀ ਹੈ | ਜੇਕਰ ਭਾਜਪਾ-ਆਰ.ਐਸ.ਐਸ. ਦੀ ਜਿੱਤ ਦੁਬਾਰਾ ਹੁੰਦੀ ਹੈ ਤਾਂ ਦੇਸ਼ ਵਿੱਚ ਘੱਟ ਗਿਣਤੀਆਂ ਸੁਰੱਖਿਅਤ ਨਹੀਂ ਰਹਿਣਗੀਆਂ | ਇਸੇ ਤਰ੍ਹਾਂ ਕਾਂਗਰਸ ਪਾਰਟੀ ਵੀ ਸਾਡੀ ਨਹੀਂ, ਕਿਉਂਕਿ ਕਾਂਗਰਸ ਪਾਰਟੀ ਦੇ ਰਾਜੀਵ ਗਾਂਧੀ ਨੇ ਹੀ ਬਾਬਰੀ ਮਸਜਿਦ ਨੂੰ ਸ਼ਹੀਦ ਕਰਨ ਲਈ ਚਾਬੀਆਂ ਇਨ੍ਹਾਂ ਦੇ ਹਵਾਲੇ ਕੀਤੀਆਂ ਸਨ | ਜਦੋਂ ਬਾਬਰੀ ਮਸਜਿਦ ਨੂੰ ਸ਼ਹੀਦ ਕੀਤਾ ਗਿਆ, ਉਦੋਂ ਕਾਂਗਰਸ ਦਾ ਪ੍ਰਧਾਨ ਮੰਤਰੀ ਪੀ.ਵੀ. ਨਰਸਿਮਾ ਰਾਓ ਸੀ, ਉਹ ਚਾਹੁੰਦਾ ਤਾਂ ਬੀਜੇਪੀ-ਆਰਐਸਐਸ ਦੇ ਗੁੰਡਾ ਅਨਸਰਾਂ ਨੂੰ ਰੋਕ ਸਕਦਾ ਸੀ ਕਿ ਪਰ ਉਸ ਨੇ ਅਜਿਹਾ ਨਹੀਂ ਕੀਤਾ | ਅੱਜ ਪਰੋਪੋਗੰਡਾ ਹੋ ਰਿਹਾ ਕਿ ਬੀਜੇਪੀ ਨੂੰ ਰੋਕਣ ਲਈ ਕਾਂਗਰਸ ਨੂੰ ਵੋਟ ਪਾਓ ਪਰ ਜੇਕਰ ਕਾਂਗਰਸ ਚਾਹੁੰਦੀ ਤਾਂ ਬਾਬਰੀ ਮਸਜਿਦ ਨੂੰ ਸ਼ਹੀਦ ਹੋਣ ਤੋਂ ਰੋਕ ਸਕਦੀ ਸੀ, ਫਿਰ ਕਿਵੇਂ ਵੋਟ ਕਾਂਗਰਸ ਨੂੰ ਪਾਈਏ | ਸ. ਮਾਨ ਨੇ ਕਿਹਾ ਕਿ ਕਾਂਗਰਸ ਤੇ ਬੀਜੇਪੀ ਨੇ ਮਿਲ ਕੇ ਪਹਿਲਾਂ ਸਾਡੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਅਤੇ ਸਿੱਖ ਕੌਮ ਉੱਪਰ ਜੁਲਮ ਕੀਤੇ | ਫਿਰ ਬਾਬਰੀ ਮਸਜਿਦ ਨੂੰ ਸ਼ਹੀਦ ਕੀਤਾ ਅਤੇ ਮੁਸਲਿਮ ਭਾਈਚਾਰੇ ਉੱਪਰ ਜੁਲਮ ਕੀਤਾ | ਫਿਰ ਅਸੀਂ ਬੀਜੇਪੀ ਤੇ ਕਾਂਗਰਸ ਉੁਪਰ ਕਿਵੇਂ ਵਿਸ਼ਵਾਸ ਕਰ ਸਕਦੇ ਹਾਂ? ਸ. ਮਾਨ ਨੇ ਕਿਹਾ ਕਿ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਹਮੇਸ਼ਾ ਘੱਟ ਗਿਣਤੀਆਂ ਦੀ ਗੱਲ ਕਰਦੀ ਹੈ | ਅਸੀਂ ਬਾਬਰੀ ਮਸਜਿਦ ਦੇ ਹੱਕ ਵਿੱਚ ਯੂ.ਪੀ. ਜਾ ਕੇ ਗਿ੍ਫ਼ਤਾਰੀ ਦਿੱਤੀ | ਉਨ੍ਹਾਂ ਕਿਹਾ ਕਿ ਬੀਜੇਪੀ ਨੂੰ ਸਿਰਫ ਬਹੁ ਗਿਣਤੀ ਹਿੰਦੂਆਂ ਦੀ ਵੋਟ ਚਾਹੀਦੀ ਹੈ, ਉਨ੍ਹਾਂ ਨੂੰ ਸਿੱਖ, ਮੁਸਲਿਮ, ਈਸਾਈ ਸਮੇਤ ਕਿਸੇ ਵੀ ਘੱਟ ਗਿਣਤੀ ਵਰਗ ਨਾਲ ਕੋਈ ਸਰੋਕਾਰ ਨਹੀਂ ਹੈ | ਜੇਕਰ ਦੇਸ਼ ਧਰਮ ਨਿਰਪੱਖ ਹੈ ਤਾਂ ਸਾਰੇ ਵਰਗਾਂ ਨੂੰ ਬਰਾਬਰ ਅਧਿਕਾਰ ਹੋਣੇ ਚਾਹੀਦੇ ਹਨ ਪਰ ਭਾਜਪਾ-ਆਰਐਸਐਸ ਧਰਮ ਦੇ ਨਾਂਅ 'ਤੇ ਸਿਆਸਤ ਕਰਕੇ ਆਪਸੀ ਭਾਈਚਾਰਕ ਸਾਂਝਾਂ ਨੂੰ ਤੋੜ ਕੇ ਨਫ਼ਰਤ ਦੇ ਬੀਜ ਬੀਜ ਰਹੀ ਹੈ, ਜੋ ਕਿ ਕਿਸੇ ਵੀ ਵਰਗ ਦੇ ਹਿੱਤ ਵਿੱਚ ਨਹੀਂ ਹੈ |ਚੋਣ ਜਲਸੇ ਨੂੰ ਸਮਾਜ ਸੇਵੀ ਭਾਨਾ ਸਿੱਧੂ ਸਮੇਤ ਹੋਰਨਾਂ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ ਅਤੇ ਲੋਕ ਹੱਕਾਂ ਦੀ ਰਾਖੀ ਲਈ ਸ. ਸਿਮਰਨਜੀਤ ਸਿੰਘ ਮਾਨ ਦੀ ਜਿੱਤ ਯਕੀਨੀ ਬਨਾਉਣ ਦੀ ਅਪੀਲ ਕੀਤੀ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਸ਼ਹਿਰੀ ਮਾਲੇਰਕੋਟਲਾ ਦੀ ਸਮੁੱਚੀ ਜਥੇਬੰਦੀ ਹਾਜਰ ਸੀ |