ਕਪੂਰਥਲਾ : ਪੰਜਾਬ ਸਰਕਾਰ ਵੱਲੋਂ ਮਿੰਨੀ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ ਅਤੇ ਬਿਨਾਂ ਵਜ੍ਹਾ ਘੁੰਮਣ ਵਾਲਿਆਂ ਖ਼ਿਲਾਫ਼ ਪੁਲਿਸ ਸਖ਼ਤ ਕਾਰਵਾਈ ਕਰ ਰਹੀ ਹੈ। ਉਥੇ ਹੀ ਇਸੇ ਦਰਿਮਆਨ ਪੰਜਾਬ ਪੁਲਿਸ ਦੀ ਇਕ ਵਾਰ ਫਿਰ ਤੋਂ ਗੁੰਡਾਗਰਦੀ ਵੇਖਣ ਨੂੰ ਮਿਲੀ ਹੈ। ਕਪੂਰਥਲਾ ਵਿਖੇ ਗਸ਼ਤ ’ਤੇ ਨਿਕਲੇ ਪੰਜਾਬ ਪੁਲਿਸ ਮੁਲਾਜ਼ਮਾਂ ਨੇ ਰੇਹੜੀ ਵਾਲਿਆਂ ਦੀਆਂ ਸਬਜ਼ੀਆਂ ਚੁੱਕ-ਚੁੱਕ ਕੇ ਸੁੱਟ ਦਿੱਤੀਆਂ। ਇਹ ਘਟਨਾ ਦੀ ਵਡੀਓ ਵਾਇਰਲ ਹੁੰਦੇ ਹੀ ਮੁੱਖ ਮੰਤਰੀ ਨੇ ਇਸ ਐਸ.ਐਚ.ਓ ਨੂੰ ਤੁਰਤ ਮੁਅੱਤਲ ਕਰਨ ਦੇ ਆਦੇਸ਼ ਜਾਰੀ ਕਰ ਦਿਤੇ ਹਨ ਅਤੇ ਡੀਜੀਪੀ ਦਿਨਕਰ ਗੁਪਤਾ ਨੇ ਹੁਕਮਾਂ ’ਤੇ ਅਮਲ ਕਰਦਿਆਂ ਸਬੰਧਤ ਠਾਣੇਦਾਰ ਨੂੰ ਤੁਰਤ ਮੁਅੱਤਲ ਕਰ ਦਿਤਾ ਹੈ।
ਜਾਣਕਾਰੀ ਮੁਤਾਬਕ ਕਪੂਰਥਲਾ ਵਿਖੇ ਐੱਸ. ਐੱਚ. ਓ. ਨਵਦੀਪ ਸਿੰਘ ਵੱਲੋਂ ਕੀਤੀ ਗਈ ਇਸ ਗੁੰਡਾਗਰਦੀ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ’ਚ ਬਿਲਕੁਲ ਸਾਫ਼ ਦਿੱਸ ਰਿਹਾ ਹੈ ਕਿ ਕਿਵੇਂ ਗੱਡੀ ਵਿਚੋਂ ਐੱਸ. ਐੱਚ. ਓ. ਬਾਹਰ ਨਿਕਲਦੇ ਹਨ ਅਤੇ ਸਬਜ਼ੀ ਲਗਾ ਕੇ ਬੈਠੇ ਇਕ ਰੇਹੜੀ ਵਾਲੇ ਦੀ ਰੇਹੜੀ ਲੱਤਾਂ ਮਾਰਦੇ ਹੋਏ ਸਬਜ਼ੀਆਂ ਹੇਠਾਂ ਸੁੱਟ ਦਿੰਦੇ ਹਨ। ਡੀਜੀਪੀ ਨੇ ਕਿਹਾ ਕਿ ਫਗਵਾੜਾ ਵਿਖੇ ਸੀਨੀਅਰ ਪੁਲਿਸ ਅਧਿਕਾਰੀ ਵੱਲੋਂ ਕੀਤੀ ਗਈ ਇਹ ਹਰਕਤ ਬੇਹੱਦ ਸ਼ਰਮਨਾਕ ਹੈ।