ਪੰਜਾਬੀ ਦੇ ਮਹਾਨ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦਾ ਜਨਮ 23 ਜੁਲਾਈ 1936 ਵਿੱਚ ਬੜਾ ਪਿੰਡ ਲਹੋਟੀਆਂ ਤਹਿਸੀਲ ਸ਼ੰਕਰਗੜ੍ਹ ਜ਼ਿਲ੍ਹਾ ਗੁਰਦਾਸਪੁਰ ਵਿਖੇ ਪੰਡਤ ਕ੍ਰਿਸ਼ਨ ਗੋਪਾਲ ਦੇ ਘਰ ਹੋਇਆ। ਕੁਝ ਵਰ੍ਹਿਆਂ ਵਿੱਚ ਗਿਣਨਾਤਮਿਕ ਅਤੇ ਗੁਣਾਤਮਿਕ ਦੋਹਾਂ ਪੱਖਾਂ ਤੋਂ ਪੰਜਾਬੀ ਸਾਹਿਤ ਦੀ ਝੋਲੀ ਭਰ ਕੇ ਪੰਜਾਬੀ ਦਾ ਇਹ ਸ਼ਾਇਰ ਜਿਗਰ ਖ਼ਰਾਬ ਹੋ ਜਾਣ ਕਾਰਨ 6 ਮਈ 1973 ਨੂੰ ਆਪਣੇ ਸਹੁਰੇ ਪਿੰਡ ਮੰਗਿਆਸ (ਮਾਧੋਪੁਰ ਬੇਟ) ਵਿਖੇ ਸਦਾ ਦੀ ਨੀਂਦ ਸੌਂ ਗਿਆ। ਸ਼ਿਵ, ਜਿਸਦੀ ਤੁਲਨਾ ਅੰਗਰੇਜ਼ੀ ਦੇ ਪ੍ਰਸਿੱਧ ਕਵੀ "ਜੌਨ ਕੀਟਸ" ਨਾਲ ਕੀਤੀ ਜਾਂਦੀ ਸੀ, ਉਸ ਦੇ ਵਾਂਗ ਹੀ ਭਰੀ ਜਵਾਨੀ ਵਿੱਚ ਇਹ ਦੁਨੀਆਂ ਤੋਂ ਵਿਦਾ ਹੋ ਗਿਆ।
ਸ਼ਿਵ ਕੁਮਾਰ ਬਟਾਲਵੀ ਇਕ ਅਜਿਹੇ ਸ਼ਾਇਰ ਸਨ, ਜਿਨ੍ਹਾਂ ਨੂੰ ਪੜ੍ਹਨ ਦੇ ਨਾਲ-ਨਾਲ ਬਹੁਤ ਸਾਰੇ ਗਾਇਕਾਂ ਨੇ ਗਾਇਆ। ਮੁੱਢਲੀ ਸਿੱਖਿਆ ਸ਼ਿਵ ਕੁਮਾਰ ਨੇ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ। ਚੌਥੀ ਜਮਾਤ ਵਿਚੋਂ ਵਜ਼ੀਫ਼ਾ ਲੈ ਕੇ 5ਵੀਂ ਤੇ 6ਵੀਂ ਜਮਾਤ ਉਸ ਨੇ ਡੇਰਾ ਬਾਬਾ ਨਾਨਕ ਤੋਂ ਕੀਤੀ । ਉਸਦੇ ਪਿਤਾ ਪੰਡਿਤ ਕ੍ਰਿਸ਼ਨ ਗੋਪਾਲ, ਮਾਲ ਮਹਿਕਮੇ ਵਿੱਚ ਪਹਿਲਾਂ ਪਟਵਾਰੀ ਰਹੇ, ਬਾਅਦ ਵਿੱਚ ਕਾਨੂੰਗੋ ਅਤੇ ਸੇਵਾ ਮੁਕਤੀ ਵੇਲੇ਼ ਪਟਵਾਰ ਸਕੂਲ ਬਟਾਲਾ ਦੇ ਪ੍ਰਿੰਸੀਪਲ ਸਨ।
ਸ਼ਿਵ ਕੁਮਾਰ ਨੇ ਕਾਵਿ-ਰਚਨਾ ਦਾ ਆਰੰਭ 1960 ਵਿੱਚ ਕੀਤਾ। ਇਸ ਸਮੇਂ ਦੌਰਾਨ ਉਸ ਦੇ ਜੀਵਨ ਵਿੱਚ ਮੀਨਾ ਕੁੜੀ ਆਈ, ਜਿਸ ਨੂੰ ਬੈਜਨਾਥ ਦੇ ਮੇਲੇ ਵਿੱਚ ਦੇਖ ਕੇ ਉਸਨੂੰ ਇਉਂ ਲੱਗਿਆ ਕਿ ਉਸਨੂੰ ਆਪਣੇ ਸੁਫ਼ਨੇ ਦੀ ਕੁੜੀ ਮਿਲ ਗਈ ਹੈ ਪਰ ਉਸ ਕੁੜੀ ਦੀ ਮੌਤ ਨੇ ਸ਼ਿਵ ਕੁਮਾਰ ਨੂੰ ਬਿਰਹੋਂ ਦਾ ਕਵੀ ਬਣਾ ਦਿੱਤਾ। ਸ਼ਿਵ ਕੁਮਾਰ ਦੀਆਂ ਕਵਿਤਾਵਾਂ ਦੀ ਹਰ ਪਾਸੇ ਚਰਚਾ ਹੋਣ ਲੱਗੀ।
ਉਹ ਕਦੀ ਕਦਾਈਂ ਕਵੀ ਦਰਬਾਰਾਂ ਵਿੱਚ ਆਪਣੀਆਂ ਕਵਿਤਾਵਾਂ ਪੜ੍ਹਨ ਦੇ ਸੇਵਾ ਫਲ ਜਾਂ ਕੁਝ ਛਪ ਚੁੱਕੀਆਂ ਕਿਤਾਬਾਂ ਦੀ ਨਿਗੂਣੀ ਜਿਹੀ ਰਾਇਲਟੀ ’ਤੇ ਗੁਜ਼ਾਰਾ ਕਰਦਾ ਸੀ। ਕਈ-ਕਈ ਦਿਨ ਉਹ ਦੋਸਤਾਂ-ਯਾਰਾਂ ਦੇ ਘਰੀਂ ਹੀ ਰਹਿੰਦਾ। ਆਖ਼ਰ 1966 ਵਿਚ ਰੋਜੀ-ਰੋਟੀ ਦੇ ਉਪਰਾਲੇ ਵਜੋਂ ਉਸਨੇ "ਸਟੇਟ ਬੈਂਕ ਆਫ਼ ਇੰਡੀਆ" ਦੀ ਬਟਾਲਾ ਸ਼ਾਖਾ ਵਿੱਚ ਕਲਰਕ ਦੀ ਨੌਕਰੀ ਕਰਨ ਲੱਗ ਪਿਆ।
ਇਸ ਤੋਂ ਬਾਅਦ ਇਕ ਅਮੀਰ ਕੁੜੀ ਸ਼ਿਵ ਕੁਮਾਰ ਬਟਾਲਵੀ ਦੀ ਜ਼ਿੰਦਗੀ ’ਚ ਆਈ। ਜਿਹੜੀ ਸ਼ਿਵ ਨਾਲ ਪ੍ਰੀਤ ਪਾ ਕੇ ਪ੍ਰਦੇਸ਼ ਚਲੀ ਗਈ। ਇਸ ਕੁੜੀ ਦੇ ਵਿਛੋੜੇ ਨੇ ਵੀ ਇਸ ਤੋਂ ਬਹੁਤ ਕੁਝ ਲਿਖਵਾਇਆ। ਪੀੜਾ ਦਾ ਪਰਾਗਾ (1960), ਲਾਜਵੰਤੀ (1961), ਆਟੇ ਦੀਆਂ ਚਿੜੀਆਂ (1962), ਮੈਨੂੰ ਵਿਦਾ ਕਰੋ (1963), ਦਰਦਮੰਦਾਂ ਦੀਆਂ ਆਹੀਂ (1964), ਬਿਰਹਾ ਤੂੰ ਸੁਲਤਾਨ (1964), ਲੂਣਾ (1965), ਮੈਂ ਤੇ ਮੈਨੂੰ (1970), ਆਰਤੀ (1971), ਬਿਰਹੜਾ (1974) ਆਦਿ ਉਸ ਦੀਆਂ ਮਹੱਤਵਪੂਰਨ ਕਾਵਿ ਪੁਸਤਕਾਂ ਹਨ। ਆਟੇ ਦੀਆਂ ਚਿੜੀਆਂ ਕਾਵਿ-ਸੰਗ੍ਰਹਿ ’ਤੇ ਬਟਾਲਵੀ ਨੂੰ ਭਾਸ਼ਾ ਵਿਭਾਗ ਵਲੋਂ ਇਕ ਹਜ਼ਾਰ ਰੁਪਏ ਦਾ ਇਨਾਮ ਅਤੇ ਕਾਵਿ-ਨਾਟ ਲੂਣਾਂ ਤੇ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਅਲਵਿਦਾ (1974) ਅਤੇ ਅਸਾਂ ਤਾਂ ਜੋਬਨ ਰੁਤੇ ਮਰਨਾ (1976) ਉਸ ਦੇ ਸੰਪਾਦਿਤ ਕਾਵਿ-ਸੰਗ੍ਰਹਿ ਹਨ। ਇਨ੍ਹਾਂ ਕਾਵਿ-ਪੁਸਤਕਾਂ ਵਿੱਚ ਸ਼ਿਵ ਕੁਮਾਰ ਦੀ ਕਵਿਤਾ ਦਾ ਮੁੱਖ ਵਿਸ਼ਾ ਦਰਦ, ਪੀੜਾ, ਬਿਰਹਾ, ਔਰਤ ਦੇ ਦੁੱਖ ਹਨ।