ਸੁਨਾਮ : ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਟੀ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਦੀ ਧਰਮ ਪਤਨੀ ਬੀਬੀ ਗੀਤਇੰਦਰ ਕੌਰ ਮਾਨ ਨੇ ਬੁੱਧਵਾਰ ਨੂੰ ਸੁਨਾਮ ਵਿਧਾਨ ਸਭਾ ਹਲਕੇ ਦੇ ਪਿੰਡ ਉਭਾਵਾਲ, ਦਿਆਲਗੜ੍ਹ, ਮੰਡੇਰ ਖੁਰਦ, ਬੁਗਰਾ, ਰੱਤੋਕੇ, ਲੋਹਾਖੇੜਾ ਸਮੇਤ ਵੱਖ-ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ ਕੀਤਾ। ਬੀਬੀ ਮਾਨ ਨੇ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਬੱਚਿਆਂ ਨੂੰ ਨਸ਼ਿਆ ਵਰਗੀਆਂ ਅਲਾਮਤਾਂ ਤੋਂ ਬਚਾਉਣ ਲਈ ਸ. ਮਾਨ ਦਾ ਸਾਥ ਦਿਓ। ਇਸ ਮੌਕੇ ਹੋਏ ਇਕੱਠਾਂ ਨੂੰ ਸੰਬੋਧਨ ਕਰਦਿਆਂ ਸਿਮਰਨਜੀਤ ਸਿੰਘ ਮਾਨ ਦੀ ਪਤਨੀ ਬੀਬੀ ਗੀਤਇੰਦਰ ਕੌਰ ਮਾਨ ਨੇ ਕਿਹਾ ਕਿ ਆਪਣੇ ਬੱਚਿਆਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਕੇ ਖੁਸ਼ਹਾਲ ਜਿੰਦਗੀ ਜਿਉਣ ਦੇ ਕਾਬਿਲ ਬਨਾਉਣ ਲਈ ਸਿਮਰਨਜੀਤ ਸਿੰਘ ਮਾਨ ਦਾ ਸਾਥ ਦਿੱਤਾ ਜਾਵੇ | ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਦੇ ਹਰ ਗਲੀ-ਮੁਹੱਲੇ ਵਿੱਚ ਨਸ਼ੇ ਸ਼ਰੇਆਮ ਵਿਕ ਰਹੇ ਹਨ | ਸਰਕਾਰਾਂ ਵੱਲੋਂ ਵੀ ਨਸ਼ੇ ਨੂੰ ਰੋਕਣ ਲਈ ਕੋਈ ਠੋਸ ਉਪਰਾਲੇ ਨਹੀਂ ਕੀਤੇ ਜਾ ਰਹੇ, ਜਿਸ ਕਰਕੇ ਆਏ ਦਿਨ ਨੌਜਵਾਨ ਨਸ਼ਿਆਂ ਦੀ ਲਪੇਟ ਵਿੱਚ ਆ ਕੇ ਆਪਣੀਆਂ ਕੀਮਤੀ ਜਾਨਾਂ ਗੁਆ ਰਹੇ ਹਨ। ਉਨ੍ਹਾਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਕੇ ਚੰਗੀ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਵੱਡੇ ਪੱਧਰ 'ਤੇ ਜਿੰਮ ਅਤੇ ਖੇਡ ਕਿੱਟਾਂ ਵੰਡੀਆਂ ਗਈਆਂ ਹਨ, ਜਿਨ੍ਹਾਂ ਕਰਕੇ ਅੱਜ ਪਿੰਡਾਂ ਦੇ ਖੇਡ ਮੈਦਾਨਾਂ ਵਿੱਚ ਰੌਣਕਾਂ ਦੁਬਾਰਾ ਪਰਤਣ ਲੱਗੀਆਂ ਹਨ | ਬੀਬੀ ਮਾਨ ਨੇ ਕਿਹਾ ਕਿ ਨਸ਼ੇ ਦੇ ਕੋਹੜ ਦਾ ਪੱਕਾ ਇਲਾਜ ਕਰਨ ਲਈ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦਾ ਸਾਥ ਦਿਓ | ਉਨ੍ਹਾਂ ਕਿਹਾ ਕਿ ਲੋਕ ਹੱਕਾਂ ਦੀ ਰਾਖੀ, ਸੂਬੇ ਦੀ ਤਰੱਕੀ ਅਤੇ ਲੋਕਾਂ ਦੀ ਖੁਸ਼ਹਾਲੀ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੀ ਅਗਵਾਈ ਹੇਠ ਹੀ ਸੰਭਵ ਹੈ | ਇਸ ਮੌਕੇ ਸਤਿਨਾਮ ਸਿੰਘ ਰੱਤੋਕੇ, ਹਰਦੀਪ ਸਿੰਘ ਲੋਹਾਖੇੜਾ, ਰਘਵੀਰ ਸਿੰਘ ਮੰਡੇਰ ਕਲਾਂ, ਸੰਦੀਪ ਸਿੰਘ ਮੰਡੇਰ, ਜਗਸੀਰ ਸਿੰਘ ਲੋਹਾਖੇੜਾ, ਗੁਰਤੇਜ ਸਿੰਘ, ਪਾਲ ਸਿੰਘ ਮੰਡੇਰ ਖੁਰਦ, ਸੁਖ ਭੁੱਲਰ, ਧਰਮਜੀਤ ਬੁੱਗਰ, ਕੁਲਵਿੰਦਰ ਸਿੰਘ ਦਿਆਲਗੜ੍ਹ, ਲਵਪ੍ਰੀਤ ਸਿੰਘ ਦਿਆਲਗੜ੍ਹ, ਅਨੂਪ ਸਿੰਘ ਭੱਟੀ, ਸਰਜਾ ਸਿੰਘ ਸਰਪੰਚ, ਬਾਬਾ ਧਾਲੀਵਾਲ ਉਭਾਵਾਲ, ਰਾਮ ਸਿੰਘ ਉਭਾਵਾਲ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਦੇ ਆਗੂ, ਵਰਕਰ ਤੇ ਪਿੰਡਾਂ ਦੀਆਂ ਪ੍ਰਮੁੱਖ ਸਖਸ਼ੀਅਤਾਂ ਹਾਜਰ ਸਨ |