ਸੁਨਾਮ : ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੀ ਨੂੰਹ ਵਿਰੀਤ ਖਹਿਰਾ ਨੇ ਆਮ ਆਦਮੀ ਪਾਰਟੀ ਦੇ ਝੂਠ ਨੂੰ ਜੜ੍ਹੋਂ ਪੁੱਟਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਹੇਠਲੀ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਸ਼ੁੱਕਰਵਾਰ ਨੂੰ ਸੁਨਾਮ ਵਿਖੇ ਵਿਰੀਤ ਖਹਿਰਾ ਨੇ ਵੱਖ ਵੱਖ ਬਾਜ਼ਾਰਾਂ ਅੰਦਰ ਡੋਰ ਟੂ ਡੋਰ ਜਾਕੇ ਲੋਕਾਂ ਨੂੰ ਆਪਣੇ ਸਹੁਰਾ ਸੁਖਪਾਲ ਸਿੰਘ ਖਹਿਰਾ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਵਿਰੀਤ ਖਹਿਰਾ ਨੇ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਨੇ ਵਪਾਰੀਆਂ, ਮੁਲਾਜ਼ਮਾਂ, ਕਿਸਾਨਾਂ ਅਤੇ ਬੀਬੀਆਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਅਜਿਹੇ ਵਿੱਚ ਆਮ ਆਦਮੀ ਪਾਰਟੀ ਨੂੰ ਵੋਟਾਂ ਮੰਗਣ ਦਾ ਕੋਈ ਹੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਸਰਕਾਰ ਨੇ ਆਟਾ ਦਾਲ ਸਕੀਮ ਨੂੰ ਲੀਹੋਂ ਲਾਹ ਦਿੱਤਾ ਹੈ ਅਤੇ ਬੀਬੀਆਂ ਨੂੰ ਇੱਕ ਇੱਕ ਹਜ਼ਾਰ ਰੁਪਏ ਵੀ ਨਸੀਬ ਨਹੀਂ ਹੋਏ। ਵਿਰੀਤ ਖਹਿਰਾ ਨੇ ਸੁਖਪਾਲ ਸਿੰਘ ਖਹਿਰਾ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਵਾਅਦਾ ਕੀਤਾ ਕਿ ਉਹ ਪਾਰਲੀਮੈਂਟ ਵਿੱਚ ਪੰਜਾਬ ਦੇ ਹੱਕਾਂ ਦੀ ਆਵਾਜ਼ ਬਣਕੇ ਕੰਗਾਲ ਹੋਏ ਸੂਬੇ ਨੂੰ ਖੁਸ਼ਹਾਲ ਬਣਾਉਣਗੇ। ਨਵਾਂ ਬਾਜ਼ਾਰ ਵਿਖੇ ਦੁਕਾਨਦਾਰ ਐਸੋਸੀਏਸ਼ਨ ਵੱਲੋਂ ਵਿਰੀਤ ਖਹਿਰਾ ਦਾ ਭਰਵਾਂ ਸਵਾਗਤ ਕੀਤਾ ਗਿਆ।
ਇਸ ਮੌਕੇ ਬਲਾਕ ਕਾਂਗਰਸ ਕਮੇਟੀ ਸੁਨਾਮ ਦੇ ਪ੍ਰਧਾਨ ਮਨਪ੍ਰੀਤ ਸਿੰਘ ਮਨੀ ਵੜ੍ਹੈਚ , ਨਗਰ ਕੌਂਸਲ ਦੀ ਸਾਬਕਾ ਪ੍ਰਧਾਨ ਮੈਡਮ ਗੀਤਾ ਸ਼ਰਮਾ, ਥਾਣੇਦਾਰ ਓਮ ਪ੍ਰਕਾਸ਼, ਮਹਿਲਾ ਕਾਂਗਰਸ ਦੀ ਬਲਾਕ ਪ੍ਰਧਾਨ ਸ਼ਸ਼ੀ ਅਗਰਵਾਲ, ਦਰਸ਼ਨ ਸਿੰਘ ਭਰੂਰ, ਕਰਨੈਲ ਸਿੰਘ ਢੋਟ, ਜਗਪਾਲ ਸਿੰਘ ਢੀਂਡਸਾ, ਜਸਵਿੰਦਰ ਸਿੰਘ, ਮੋਨੂੰ ਸੁਨਾਮ, ਰਾਧੇ ਸ਼ਿਆਮ ਸ਼ਰਮਾ, ਆਲਮ ਸ਼ਰਮਾ, ਦਿਪਾਂਸੂ ਜੈਨ, ਇੰਦਰਜੀਤ ਸਿੰਘ ਕੰਬੋਜ, ਜਸਵੰਤ ਸਿੰਘ ਭੰਮ, ਮਲਕੀਤ ਸਿੰਘ ਥਿੰਦ, ਕਰਮਜੀਤ ਕੌਰ ਮਾਡਲ ਟਾਊਨ, ਪ੍ਰਮੋਦ ਅਵਸਥੀ, ਬਲਵਿੰਦਰ ਕੌਰ, ਰਾਜਿੰਦਰ ਕੌਰ ਸਮੇਤ ਭਾਰੀ ਗਿਣਤੀ ਵਿੱਚ ਬੀਬੀਆਂ ਹਾਜ਼ਰ ਸਨ।