ਸੁਨਾਮ : ਸੁਨਾਮ ਸ਼ਹਿਰ ਦੇ ਐਨ ਵਿਚਕਾਰ ਲੰਘਦੀ ਰੇਲਵੇ ਲਾਈਨ ਦੇ ਦੋਵੇਂ ਪਾਸੇ ਦੀਵਾਰ ਪਿੱਛੇ ਹਟਾਕੇ ਰਾਹ ਚੌੜਾ ਕਰਨ ਦੇ ਮਾਮਲੇ ਵਿੱਚ ਕੇਂਦਰੀ ਕੈਬਨਿਟ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸੁਨਾਮ ਵਾਸੀਆਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਰੇਲਵੇ ਦੀਵਾਰ ਨੂੰ ਪਿੱਛੇ ਹਟਾਉਣ ਦੀ ਮੰਗ ਪੂਰੀ ਕਰਕੇ ਉਨ੍ਹਾਂ ਨੂੰ ਰਾਹਤ ਦਿੱਤੀ ਹੈ। ਕਰੋੜਾਂ ਰੁਪਏ ਦੀ ਜ਼ਮੀਨ ਸੁਨਾਮ ਨਗਰ ਪਾਲਿਕਾ ਨੂੰ ਲੱਗਪਗ ਸੱਤਰ ਲੱਖ ਰੁਪਏ ਵਿੱਚ ਲੀਜ਼ ’ਤੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸ਼ਹਿਰੀਆਂ ਦੀ ਉਕਤ ਮੰਗ ਨੂੰ ਭਾਜਪਾ ਦੀ ਸੂਬਾ ਸਕੱਤਰ ਦਾਮਨ ਬਾਜਵਾ, ਅਰਵਿੰਦ ਖੰਨਾ ਅਤੇ ਭਾਜਪਾ ਦੀ ਸਾਬਕਾ ਕੌਂਸਲਰ ਮੋਨਿਕਾ ਗੋਇਲ ਨੇ ਉਨ੍ਹਾਂ ਦੇ ਸਨਮੁੱਖ ਰੱਖੀ ਸੀ ਇਸ ਉਪਰੰਤ ਉਨ੍ਹਾਂ ਨੇ ਇਹ ਮਾਮਲਾ ਆਪਣੇ ਛੋਟੇ ਭਰਾ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦੇ ਸਾਹਮਣੇ ਰੱਖਿਆ। ਜਿਸ ਨੂੰ ਤੁਰੰਤ ਸਵੀਕਾਰ ਕਰ ਲਿਆ ਗਿਆ, ਅਤੇ ਲੋੜੀਂਦੀ ਪ੍ਰਕਿਰਿਆ ਪੂਰੀ ਕੀਤੀ ਗਈ। ਉਨ੍ਹਾਂ ਕਿਹਾ ਕਿ ਸੁਨਾਮ ਮਹਾਨ ਸ਼ਹੀਦ ਊਧਮ ਸਿੰਘ ਦੀ ਜਨਮ ਭੂਮੀ ਹੈ, ਸ਼ਹੀਦ ਦੀ ਨਗਰੀ ਦੇ ਵਸਨੀਕਾਂ ਦੀ ਹਰ ਮੰਗ ਨੂੰ ਪੂਰਾ ਕਰਨਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਇੱਥੋਂ ਦੇ ਰੇਲਵੇ ਸਟੇਸ਼ਨ ’ਤੇ ਰੇਲ ਗੱਡੀਆਂ ਰੋਕਣ ਦੀ ਮੰਗ ਪੂਰੀ ਕੀਤੀ ਜਾਵੇਗੀ। ਰੇਲਵੇ ਨਾਲ ਜੁੜੀ ਹਰ ਮੰਗ ਨੂੰ ਪਹਿਲ ਦੇ ਆਧਾਰ ਤੇ ਪੂਰਾ ਕੀਤਾ ਜਾਵੇਗਾ।
ਇਸ ਮੌਕੇ ਇੱਥੋਂ ਦੇ ਪ੍ਰਾਚੀਨ ਸੀਤਾਸਰ ਮੰਦਰ ਦੀ ਪ੍ਰਬੰਧਕ ਕਮੇਟੀ ਨੇ ਸਰਸਵਤੀ ਨਦੀ ਦੇ ਕੰਢੇ ਸਥਿਤ ਪ੍ਰਾਚੀਨ ਸੀਤਾਸਰ ਸਰੋਵਰ ਨੂੰ ਵਿਕਸਤ ਕਰਨ ਦੀ ਮੰਗ ਕੇਂਦਰੀ ਮੰਤਰੀ ਅੱਗੇ ਰੱਖੀ। ਕੇਂਦਰੀ ਕੈਬਨਿਟ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੂੰ ਮੰਗ ਪੱਤਰ ਸੌਂਪਿਆ ਗਿਆ। ਜਿਸ ਵਿੱਚ ਇਸ ਪੁਰਾਤਨ ਮੰਦਰ ਅਤੇ ਸਰੋਵਰ ਦੇ ਨਵੀਨੀਕਰਨ ਲਈ ਇੱਕ ਵੱਡਾ ‘ਰਾਸ਼ਟਰੀ ਪ੍ਰੋਜੈਕਟ’ ਤਿਆਰ ਕਰਨ ਲਈ ਵੱਡੀ ਰਕਮ ਅਲਾਟ ਕੀਤੇ ਜਾਣ ਦੀ ਮੰਗ ਕੀਤੀ ਗਈ। ਕੇਂਦਰੀ ਮੰਤਰੀ ਨੇ ਮੰਦਿਰ ਕਮੇਟੀ ਦੇ ਮੈਂਬਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਕਤ ਧਾਰਮਿਕ ਅਸਥਾਨ ਨੂੰ ਵਿਰਾਸਤੀ ਦਿੱਖ ਦੇਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਇਸ ਮੌਕੇ ਅਰਵਿੰਦ ਖੰਨਾ, ਦਾਮਨ ਬਾਜਵਾ, ਹਰਮਨਦੇਵ ਸਿੰਘ ਬਾਜਵਾ ਅਤੇ ਮੰਦਿਰ ਕਮੇਟੀ ਵੱਲੋਂ ਸੁਮੇਰ ਗਰਗ ਸਮੇਤ ਹੋਰ ਮੈਂਬਰ ਹਾਜ਼ਰ ਸਨ।