ਸਟੈਟਿਕ ਸਰਵੇਲੈਂਸ ਟੀਮਾਂ ਸਮੇਤ ਹੋਰ ਉਡਣ ਦਸਤੇ ਸਰਗਰਮ
ਭੈਅ ਮੁਕਤ ਤੇ ਸ਼ਾਂਤਮਈ ਢੰਗ ਨਾਲ ਚੋਣਾਂ ਕਰਵਾਉਣ ਲਈ ਜ਼ਿਲ੍ਹਾ ਪੁਲਿਸ ਪੂਰੀ ਤਰ੍ਹਾਂ ਤਿਆਰ -ਐਸ.ਐਸ.ਪੀ.
ਮਾਲੇਰਕੋਟਲਾ : ਪਾਰਦਰਸ਼ੀ ਅਤੇ ਭੈਅ ਮੁਕਤ ਲੋਕ ਸਭਾ ਚੋਣਾਂ ਕਰਵਾਉਣ ਲਈ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਪੂਰੀ ਮੁਸਤੈਦੀ ਵਰਤੀ ਜਾ ਰਹੀ ਹੈ ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਲੋਕ ਸਭਾ ਚੋਣਾਂ 2024 ਸਬੰਧੀ ਤਿਆਰੀਆਂ ਅਤੇ ਚੋਣਾਂ ਤੋਂ ਪਹਿਲਾਂ 72 ਘੰਟਿਆਂ ਲਈ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ(ਐਸ.ਓ.ਪੀ) ਸਬੰਧੀ ਸਮੀਖਿਆ ਕਰਨ ਮੌਕੇ ਕੀਤਾ । ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਸਬੰਧੀ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਪ੍ਰੋਗਰਾਮਾਂ ਦੀ ਇੰਨ ਬਿਨ ਪਾਲਣਾ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ । ਇਸ ਮੌਕੇ ਐਸ.ਐਸ.ਪੀ. ਡਾ ਸਿਮਰਤ ਕੌਰ, ਸਹਾਇਕ ਰਿਟਰਨਿੰਗ ਅਫ਼ਸਰ ਕਮ ਐਸ.ਡੀ.ਐਮ.ਸ੍ਰੀਮਤੀ ਅਪਰਨਾ ਐਮ.ਬੀ,ਅਸੈਂਬਲੀ ਸੈਗਮੈਂਟ 106 ਅਮਰਗੜ੍ਹ ਸ੍ਰੀ ਗੁਰਮੀਤ ਸਿੰਘ ਬਾਂਸਲ, ਸਹਾਇਕ ਕਮਿਸ਼ਨਰ ਸ੍ਰੀ ਹਰਬੰਸ ਸਿੰਘ,ਡੀ.ਐਸ.ਪੀ. ਸ੍ਰੀ ਗੁਰਦੇਵ ਸਿੰਘ, ਡੀ.ਐਸ.ਪੀ.ਅਮ੍ਰਿੰਤਪਾਲ ਸਿੰਘ ਭੱਟੀ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ ।ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਜ਼ਿਲ੍ਹਾ ਪੁਲਿਸ ਵੱਲੋਂ ਲੋਕ ਸਭਾ ਚੋਣਾਂ ਨਿਰਪੱਖ, ਪਾਰਦਰਸ਼ੀ ਅਤੇ ਭੈਅ ਮੁਕਤ ਢੰਗ ਨਾਲ ਕਰਵਾਉਣ ਲਈ ਸਮੁੱਚੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਵੋਟਰਾਂ ਨੂੰ ਸ਼ਾਂਤੀਪੂਰਵਕ ਮਾਹੌਲ ਦਿੱਤਾ ਜਾਵੇਗਾ, ਇਸ ਲਈ ਉਹ ਬਿਨ੍ਹਾਂ ਕਿਸੇ ਡਰ ਅਤੇ ਭੈਅ ਦੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਇੱਕ ਮਜ਼ਬੂਤ ਲੋਕਤੰਤਰ ਦਾ ਹਿੱਸਾ ਬਣਨ। ਸਟੈਟਿਕ ਸਰਵੇਲੈਂਸ ਟੀਮਾਂ ਵੱਲੋਂ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ।
ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਆਬਕਾਰੀ ਤੇ ਕਰ ਵਿਭਾਗ ਨਾਲ ਮਿਲ ਕੇ ਟੀਮ ਵਜੋਂ ਕੰਮ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਚੋਣਾਂ ਦੌਰਾਨ ਸ਼ਰਾਬ ਜਾਂ ਹੋਰ ਨਸ਼ਿਆਂ ਦੇ ਪ੍ਰਵਾਹ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪਿੰਡ ਜਾਂ ਸ਼ਹਿਰੀ ਇਲਾਕੇ ਜੋ ਖਾਸ ਕਰਕੇ ਲਾਹਣ ਆਦਿ ਲਈ ਬਦਨਾਮ ਹਨ, ਵਿਖੇ ਚੈਕਿੰਗ ਤੇਜੀ ਨਾਲ ਲਗਾਤਾਰ ਕੀਤੀ ਜਾਵੇ । ਉਨ੍ਹਾਂ ਹਦਾਇਤ ਕੀਤੀ ਕਿ ਮਾਲੇਰਕੋਟਲਾ ਜ਼ਿਲ੍ਹੇ ਨੂੰ ਆਉਂਣ ਵਾਲੀਆਂ ਸਾਰੀਆਂ ਸੜਕਾਂ ਤੇ ਚੈਕਿੰਗ ਨੂੰ ਯਕੀਨੀ ਬਣਾਇਆ ਜਾਵੇ। ਉਡਣ ਦਸਤਿਆਂ ਦੀਆਂ ਟੀਮਾਂ ਵੀ ਪੂਰੀ ਤਰ੍ਹਾਂ ਸਰਗਰਮੀ ਨਾਲ ਚੈਕਿੰਗ ਕਰਨ । ਇਸ ਮੌਕੇ ਐਸ.ਐਸ.ਪੀ. ਡਾ ਸਿਰਮਤ ਨੇ ਦੱਸਿਆ ਕਿ ਭੈਅ ਮੁਕਤ ਤੇ ਸ਼ਾਂਤਮਈ ਢੰਗ ਨਾਲ ਚੋਣਾਂ ਕਰਵਾਉਣ ਲਈ ਜ਼ਿਲ੍ਹਾ ਪੁਲਿਸ ਪੂਰੀ ਤਰ੍ਹਾਂ ਤਿਆਰ ਹੈ। ਲੋਕ ਸਭਾ ਚੋਣਾਂ ਸ਼ਾਂਤੀਪੂਰਵਕ ਅਤੇ ਭੈਅ ਮੁਕਤ ਤਰੀਕੇ ਨਾਲ ਕਰਵਾਉਣ ਲਈ ਗ਼ਲਤ ਅਨਸਰਾਂ 'ਤੇ ਸਿਕੰਜ਼ਾ ਕੱਸਿਆ ਗਿਆ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਨਾਲ ਲੱਗਦੀਆਂ ਹੱਦਾਂ 'ਤੇ 24 ਘੰਟੇ ਨਿਰੰਤਰ ਨਾਕੇ ਲੱਗੇ ਹੋਏ ਹਨ, ਜਿਥੇ ਨਸ਼ਿਆਂ, ਨਜਾਇਜ਼ ਸ਼ਰਾਬ, ਹਥਿਆਰਾਂ ਤੇ ਸ਼ੱਕੀ ਵਿਅਕਤੀਆਂ ਦੀ ਐਂਟਰੀ 'ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਵੋਟਰਾਂ ਨੂੰ ਆਪਣੇ ਵੱਲ ਰੁਝਾਉਣ ਲਈ 'ਮਨੀ ਤੇ ਮਸਲ ਪਾਵਰ' ਦੀ ਵਰਤੋਂ ਰੋਕਣ ਤੇ ਅਚਨਚੇਤ ਚੈਕਿੰਗ ਲਈ ਫਲਾਇੰਗ ਸਕੁਐਡ ਟੀਮਾਂ ਵੀ ਪੂਰੀ ਤਰ੍ਹਾਂ ਸਰਗਰਮ ਹਨ।ਜ਼ਿਲ੍ਹੇ ਵਿੱਚ ਨਸ਼ਿਆਂ, ਨਜਾਇਜ਼ ਸ਼ਰਾਬ ਤੇ ਅਸਲੇ ਤੇ ਨਾਜਾਇਜ਼ ਨਗ਼ਦੀ 'ਤੇ ਵੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।