ਵੋਟਰਾਂ ਨੂੰ ਮੁਫ਼ਤ ਵੰਡੇ ਜਾ ਸਕਣ ਵਾਲੇ ਸੰਭਾਵਤ ਸਮਾਨ ਦੀ ਵਿਕਰੀ ਈ-ਬਿਲ ਰਾਹੀਂ ਹੀ ਕਰਵਾਉਣ ਲਈ ਵਧੀਕ ਕਮਿਸ਼ਨਰ ਇਨਵੈਸਟੀਗੇਸ਼ਨ ਨੂੰ ਪੱਤਰ ਲਿਖਿਆ
ਕਿਸੇ ਵੀ ਥੋਕ ਵਿਕਰੇਤਾ ਦੀ ਵਿਕਰੀ 'ਚ ਅਚਾਨਕ ਵਾਧਾ ਸਾਹਮਣੇ ਆਉਣ 'ਤੇ ਪਿਛਲੇ 6 ਸਾਲਾਂ ਦੀ ਜੀ.ਐਸ.ਟੀ. ਡਾਟਾ ਜਾਂਚਿਆ ਜਾਵੇਗਾ
ਪਟਿਆਲਾ : ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਲੋਕ ਸਭਾ ਚੋਣਾਂ-2024 ਦੌਰਾਨ ਵੋਟਰਾਂ ਨੂੰ ਮੁਫ਼ਤ ਸਾਜੋ-ਸਮਾਨ ਆਦਿ ਵੰਡਕੇ ਪ੍ਰਭਾਵਤ ਕਰਨ ਦੀ ਕਿਸੇ ਵੀ ਸੰਭਾਵਤ ਘਟਨਾ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਦਿਆਂ ਅਜਿਹੇ ਸਮਾਨ ਦੇ ਥੋਕ ਵਪਾਰੀਆਂ ਤੇ ਸ਼ੋਅ ਰੂਮਜ਼ 'ਤੇ ਸਖ਼ਤ ਨਿਗਰਾਨੀ ਰੱਖਣ ਲਈ ਵਧੀਕ ਕਮਿਸ਼ਨਰ ਇਨਵੈਸਟੀਗੇਸ਼ਨ/ਟੈਕਸੇਸ਼ਨ ਨੂੰ ਪੱਤਰ ਲਿਖਿਆ ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਲੋਕ ਸਭਾ ਚੋਣਾਂ ਲਈ 1 ਜੂਨ 2024 ਨੂੰ ਪੈਣ ਵਾਲੀਆਂ ਵੋਟਾਂ ਸਬੰਧੀ ਭਾਰਤ ਚੋਣ ਕਮਿਸ਼ਨ ਵੱਲੋਂ ਪਟਿਆਲਾ ਲੋਕ ਸਭਾ ਹਲਕੇ ਲਈ ਤਾਇਨਾਤ ਸਪੈਸ਼ਲ ਪੁਲਿਸ ਆਬਜ਼ਰਵਰ ਅਤੇ ਖਰਚਾ ਆਬਜ਼ਰਵਰ ਵੱਲੋਂ ਦਿੱਤੇ ਗਏ ਆਦੇਸ਼ਾਂ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਆਮ ਦੇਖਣ ਵਿੱਚ ਆਉਂਦਾ ਹੈ ਕਿ ਵੋਟਾਂ ਤੋਂ ਪਹਿਲਾਂ ਵੋਟਰਾਂ ਨੂੰ ਪ੍ਰਭਾਵਤ ਕਰਨ ਲਈ ਕੁਝ ਵਸਤਾਂ ਮੁਫ਼ਤ ਵੰਡਣ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਂਦਾ ਹੈ, ਅਜਿਹੀ ਗ਼ੈਰਕਾਨੂੰਨੀ ਕਾਰਵਾਈ 'ਤੇ ਰੋਕ ਲਾਉਣ ਲਈ ਕਰ ਵਿਭਾਗ ਵੱਲੋਂ ਥੋਕ ਵਪਾਰੀਆਂ ਤੇ ਸ਼ੋਅ ਰੂਮਜ਼ 'ਤੇ ਨਜ਼ਰ ਰੱਖੀ ਜਾਵੇਗੀ ਤਾਂ ਕਿ ਉਮੀਦਵਾਰਾਂ ਵੱਲੋ ਵੋਟਰਾਂ ਨੂੰ ਲੁਭਾਉਣ ਲਈ ਵੱਖ-ਵੱਖ ਤਰ੍ਹਾਂ ਦੀਆਂ ਮੁਫ਼ਤ ਵਸਤਾਂ ਜਿਵੇਂ ਕਿ ਇਲੈਕਟ੍ਰੋਨਿਕ ਸਮਾਨ, ਪੱਖਾ, ਕੂਲਰ, ਏ.ਸੀ, ਫਰਿਜ, ਸਿਲਾਈ ਮਸ਼ੀਨਾਂ, ਜੂਸਰ ਆਦਿ ਵੰਡਣ ਦੀ ਸੰਭਾਵਨਾ ਨੂੰ ਰੋਕਿਆ ਜਾਵੇ। ਇਸ ਲਈ ਇਨ੍ਹਾਂ ਵਸਤਾਂ ਦੇ ਥੋਕ ਵਿਕਰੇਤਾਵਾਂ ਤੇ ਸ਼ੋਅ ਰੂਮਜ ਨੂੰ ਅਜਿਹੀਆਂ ਵਸਤਾਂ ਦੀ ਵਿਕਰੀ ਦੇ ਈ-ਬਿਲ ਕੱਟਣ ਦੀ ਹਦਾਇਤ ਜਾਰੀ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਇਸ ਬਾਰੇ ਇਕ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਿਸੇ ਵੀ ਦੁਕਾਨਦਾਰਾਂ, ਥੋਕ ਵਪਾਰੀਆਂ, ਡਿਸਟਰੀਬਿਊਟਰਾਂ, ਵੈਂਡਰਾਂ ਦੀ ਅਜਿਹੀਆਂ ਵਸਤਾਂ ਦੀ ਵਿਕਰੀ ਵਿੱਚ ਇਕਦਮ ਵਾਧਾ ਦਰਜ ਕੀਤਾ ਗਿਆ ਤਾਂ ਉਸ ਵਪਾਰੀ ਦੇ ਜੀ.ਐਸ.ਟੀ. ਬਿੱਲਾਂ ਦੀ ਪਿਛਲੇ 6 ਸਾਲਾਂ ਦੀ ਪੜਤਾਲ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਪਾਰੀਆਂ ਦੀ ਸੂਚੀ ਤਿਆਰ ਕਰਕੇ ਇਨ੍ਹਾਂ ਦੀ ਪਿਛਲੇ ਦੋ ਸਾਲਾਂ ਦੀ ਇਨ੍ਹਾਂ ਦਿਨਾਂ ਦੀ ਸੇਲ ਨਾਲ ਮੌਜੂਦਾ ਪਿਛਲੇ ਹਫ਼ਤੇ ਦੀ ਸੇਲ ਦਾ ਵੀ ਮਿਲਾਣ ਕਰਵਾਇਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਵਧੀਕ ਕਮਿਸ਼ਨਰ ਟੈਕਸੇਸ਼ਨ/ਇਨਵੈਸਟੀਗੇਸ਼ਨ ਨੂੰ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਇਸ ਪੂਰੀ ਮੋਨੀਟਰਿੰਗ ਕਰਨੀ ਯਕੀਨੀ ਬਣਾਈ ਜਾਵੇ ਅਤੇ ਜੇਕਰ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।ਉਨ੍ਹਾਂ ਚਿਤਾਵਨੀ ਦਿੱਤੀ ਕਿ ਪਟਿਆਲਾ ਜ਼ਿਲ੍ਹੇ ਵਿੱਚ ਜੇਕਰ ਵੋਟਰਾਂ ਨੂੰ ਪ੍ਰਭਾਵਤ ਕਰਨ ਦੀ ਕੋਈ ਵੀ ਗ਼ੈਰਕਾਨੂੰਨੀ ਗਤੀਵਿਧੀ ਸਾਹਮਣੇ ਆਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।