ਅਮਨ ਤੇ ਸ਼ਾਂਤੀ ਨਾਲ ਵੋਟਿੰਗ ਕਰਵਾਉਣ ਲਈ ਲੋਕ ਸਭਾ ਹਲਕੇ ਦੇ 1820 ਪੋਲਿੰਗ ਬੂਥਾਂ ਤੇ 7280 ਅਧਿਕਾਰੀ ਤੇ ਕਰਮਚਾਰੀ ਦੇਣਗੇ ਡਿਊਟੀ
ਲੋਕ ਸਭਾ ਚੋਣਾਂ ਸਬੰਧੀ ਪੋਲਿੰਗ ਪਾਰਟੀਆਂ ਨੂੰ ਕੀਤਾ ਰਵਾਨਾਂ
ਫ਼ਤਹਿਗੜ੍ਹ ਸਾਹਿਬ : ਲੋਕ ਸਭਾ ਚੋਣਾਂ ਸਬੰਧੀ 01 ਜੂਨ ਨੂੰ ਪੈਣ ਵਾਲੀਆਂ ਵੋਟਾਂ ਸੁਰੱਖਿਅਤ ਮਾਹੌਲ ਵਿੱਚ ਕਰਵਾਉਣ ਲਈ ਜਿ਼ਲ੍ਹਾ ਪ੍ਰਸ਼ਾਸ਼ਨ ਵਚਨਬੱਧ ਹੈ ਅਤੇ ਵੋਟਰਾਂ ਦੀ ਸੁਰੱਖਿਆ ਸਭ ਤੋਂ ਅਹਿਮ ਜਿੰਮੇਵਾਰੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ-ਕਮ-ਜਿ਼ਲ੍ਹਾ ਚੋਣ ਅਫਸਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ- 054-ਬਸੀ ਪਠਾਣਾ ਦੀ ਸਰਕਾਰੀ ਆਈ.ਟੀ.ਆਈ. ਬਸੀ ਪਠਾਣਾ, 055-ਫ਼ਤਹਿਗੜ੍ਹ ਸਾਹਿਬ ਦੇ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਫ਼ਤਹਿਗੜ੍ਹ ਸਾਹਿਬ ਅਤੇ ਵਿਧਾਨ ਸਭਾ ਹਲਕਾ 056-ਅਮਲੋਹ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਅਮਲੋਹ ਤੋਂ ਚੋਣ ਪਾਰਟੀਆਂ ਨੂੰ ਆਪੋ ਆਪਣੇ ਬੂਥਾਂ ਲਈ ਰਵਾਨਾ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਸ਼ਾਂਤਮਈ ਢੰਗ ਨਾਲ ਵੋਟਾਂ ਪਵਾਉਣ ਲਈ ਸਾਰੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਵੋਟਰਾਂ ਨੂੰ ਹੀਟ ਵੇਬ ਤੋਂ ਬਚਾਉਣ ਵਾਸਤੇ ਵੀ ਪੋਲਿੰਗ ਸਟੇਸ਼ਨਾਂ ਤੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਜਿ਼ਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਚੋਣ ਅਮਲੇ ਵਿੱਚ ਸ਼ਾਮਲ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਈ.ਵੀ.ਐਮ. ਤੇ ਵੀ.ਵੀ.ਪੈਟ ਬਾਰੇ ਵਿਸਥਾਰ ਵਿੱਚ ਸਿਖਲਾਈ ਦਿੱਤੀ ਗਈ ਹੈ ਅਤੇ ਇਹ ਸਖਤ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਚੋਣ ਪ੍ਰਕ੍ਰਿਆ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜਨੀ ਯਕੀਨੀ ਬਣਾਈ ਜਾਵੇ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹਲਕੇ ਦੇ ਸਾਰੇ ਪੋਲਿੰਗ ਬੂਥਾਂ ’ਤੇ ਵੈਬ ਕਾਸਟਿੰਗ ਕਰਵਾਈ ਜਾਵੇਗੀ ਜਿਸ ਦਾ ਸਿੱਧਾ ਪ੍ਰਸਾਰਣ ਪੰਜਾਬ ਦੇ ਮੁੱਖ ਚੋਣ ਅਫਸਰ, ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਹੋਵੇਗਾ ਅਤੇ ਉਹ ਸਮੁੱਚੀ ਚੋਣ ਪ੍ਰਕ੍ਰਿਆ ’ਤੇ ਨਿਗਰਾਨੀ ਰੱਖਣਗੇ।
ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਅਮਨ ਸ਼ਾਂਤੀ ਦੇ ਮਾਹੋਲ ਵਿੋਚ ਵੋਟਿੰਗ ਕਰਵਾਉਣ ਲਈ ਵੋਟਰਾਂ ਦੀ ਸੁਰੱਖਿਆ ਦਾ ਵਿਸ਼ੇਸ ਧਿਆਨ ਰੱਖਿਆ ਜਾਵੇਗਾ ਅਤੇ ਇਸ ਕੰਮ ਲਈ ਜਿ਼ਲ੍ਹਾ ਪੁਲਿਸ, ਆਈ.ਟੀ.ਬੀ.ਪੀ. ਤੇ ਗੁਜਰਾਤ ਪੁਲਿਸ ਅਧਿਕਾਰੀ ਤੇ ਕਰਮਚਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਇਸ ਤੋਂ ਇਲਾਵਾ ਹਰੇਕ ਪੋਲਿੰਗ ਬੂਥ ’ਤੇ ਪੈਣ ਵਾਲੀਆਂ ਵੋਟਾਂ ਦੀ ਵੀਡੀਓਗ੍ਰਾਫੀ ਵੀ ਕਰਵਾਈ ਜਾਵੇਗੀ ਤਾਂ ਜੋ ਪਾਰਦਰਸ਼ੀ ਢੰਗ ਨਾਲ ਵੋਟਾਂ ਕਰਵਾਈਆਂ ਜਾ ਸਕਣ। ਉਨ੍ਹਾਂ ਦੱਸਿਆ ਕਿ ਲੋਕ ਸਭਾ ਹਲਕਾ 08-ਫ਼ਤਹਿਗੜ੍ਹ ਸਾਹਿਬ (ਅ:ਜ:) ਦੇ 1820 ਪੋਲਿੰਗ ਸਟੇਸ਼ਨਾਂ ਤੇ 7280 ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਡਿਊਟੀਆਂ ਲਗਾਈਆ ਗਈਆਂ ਹਨ ਜਦੋਂ ਕਿ 197 ਪੋਲਿੰਗ ਸਟੇਸ਼ਨਾਂ ਤੇ ਮਾਈਕਰੋ ਅਬਜ਼ਰਬਰ ਵੀ ਤਾਇਨਾਤ ਕੀਤੇ ਗਏ ਹਨ।