ਪਟਿਆਲਾ : ਪਟਿਆਲਾ ਲੋਕ ਸਭਾ ਹਲਕੇ ਵਿੱਚ ਸ਼ਾਂਤੀਪੂਰਨ ਤਰੀਕੇ ਨਾਲ ਵੋਟਿੰਗ ਸ਼ੁਰੂ ਹੋਈ ਅਤੇ ਤੜਕਸਾਰ ਹੀ ਬਜ਼ੁਰਗ, ਦਿਵਿਆਂਗ, ਨੌਜਵਾਨ ਅਤੇ ਮਹਿਲਾ ਵੋਟਰਾਂ ਨੇ ਉਤਸ਼ਾਹ ਨਾਲ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਰਿਟਰਨਿੰਗ ਅਫ਼ਸਰ -ਕਮ- ਡਿਪਟੀ ਕਮਿਸ਼ਨਰ ਪਟਿਆਲਾ ਸ਼ੌਕਤ ਅਹਿਮਦ ਪਰੇ ਦੀ ਅਗਵਾਈ ਵਾਲੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੋਟਰਾਂ ਲਈ ਬਣਾਏ ਮਾਡਲ ਪੋਲਿੰਗ ਬੂਥ ਖਿੱਚ ਦਾ ਕੇਂਦਰ ਰਹੇ। ਇਸ ਤੋਂ ਇਲਾਵਾ ਵੋਟ ਪਾਉਣ ਵਾਲੇ ਵੋਟਰਾਂ ਦਾ ਸਵਾਗਤ ਪੰਜਾਬੀ ਸਭਿਆਚਾਰ ਮੁਤਾਬਕ ਕੀਤਾ ਗਿਆ। ਮੁਟਿਆਰਾਂ ਨੇ ਸੂਬੇ ਦੇ ਪ੍ਰਸਿੱਧ ਲੋਕ ਨਾਚ ਗਿੱਧੇ ਰਾਹੀਂ ਵੋਟਰਾਂ ਦਾ ਸੁਆਗਤ ਕਰਕੇ ਉਤਸ਼ਾਹ ਵਧਾਇਆ।
ਇਸ ਦੇ ਨਾਲ ਹੀ ਵਲੰਟੀਅਰਾਂ ਨੇ ਬਜ਼ੁਰਗਾਂ ਲਈ ਵੀਲ ਚੇਅਰ ਅਤੇ ਉਨ੍ਹਾਂ ’ਤੇ ਫੁਲਕਾਰੀ ਤਾਣ ਕੇ ਬਣਦਾ ਮਾਣ ਸਤਿਕਾਰ ਦਿੱਤਾ। ਗਰਮੀ ਦੇ ਮੱਦੇਨਜ਼ਰ ਜਿਥੇ ਪੀਣ ਵਾਲੇ ਪਾਣੀ ਅਤੇ ਛਬੀਲ ਦਾ ਵੀ ਵਿਸ਼ੇਸ਼ ਤੌਰ ’ਤੇ ਪ੍ਰਬੰਧ ਕੀਤਾ ਗਿਆ, ਉਥੇ ਮੈਡੀਕਲ ਸਹੂਲਤ ਲਈ ਟੀਮਾਂ ਵੀ ਤਾਇਨਾਤ ਰਹੀਆਂ। ਛੋਟੇ ਬੱਚਿਆਂ ਲਈ ਕਰੈੱਚ ਦਾ ਵੀ ਪ੍ਰਬੰਧ ਕੀਤਾ ਗਿਆ। ਪਹਿਲੀ ਵਾਰ ਵੋਟ ਪਾ ਕੇ ਲੋਕਤੰਤਰ ਦਾ ਹਿੱਸਾ ਬਣਨ ਵਾਲੇ ਵੋਟਰਾਂ ਦੀ ਹੌਸਲਾ ਅਫ਼ਜਾਈ ਲਈ ਪ੍ਰਸੰਸਾ ਪੱਤਰ ਸੌਂਪੇ ਗਏ।
ਸਵੇਰੇ 9 ਵਜੇ ਤੱਕ ਪਟਿਆਲਾ ਲੋਕ ਹਲਕੇ ਅਧੀਨ ਪੈਂਦੇ 9 ਵਿਧਾਨ ਸਭਾ ਹਲਕਿਆਂ ਵਿੱਚ 10.35 ਫ਼ੀਸਦੀ ਪੋਲਿੰਗ ਸ਼ਾਂਤੀਪੂਰਵਕ ਤਰੀਕੇ ਨਾਲ ਸ਼ੁਰੂ ਹੋਈ। ਜ਼ਿਲ੍ਹਾ ਚੋਣ ਅਫ਼ਸਰ ਸ਼ੌਕਤ ਅਹਿਮਦ ਪਰੇ ਨੇ ਹਲਕਾ ਵਾਰ ਸਵੇਰੇ 9 ਵਜੇ ਤੱਕ ਵੋਟ ਪ੍ਰਤੀਸ਼ਤ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 109 ਨਾਭਾ ਵਿਖੇ 11.6 ਫ਼ੀਸਦੀ ਵੋਟਿੰਗ ਹੋਈ ਹੈ। ਜਦਕਿ 110-ਪਟਿਆਲਾ ਵਿਖੇ 7.54 ਫ਼ੀਸਦੀ, 111-ਰਾਜਪੁਰਾ ਵਿਖੇ 12 ਫ਼ੀਸਦੀ, 112-ਡੇਰਾਬਸੀ ਵਿਖੇ 7.5 ਫ਼ੀਸਦੀ, 113-ਘਨੌਰ ਵਿਖੇ 13.94 ਫ਼ੀਸਦੀ, 114-ਸਨੌਰ ਵਿਖੇ 8.9 ਫ਼ੀਸਦੀ, 115-ਪਟਿਆਲਾ ਵਿਖੇ 11.9 ਫ਼ੀਸਦੀ, 116-ਸਮਾਣਾ ਵਿਖੇ 11 ਫ਼ੀਸਦੀ ਅਤੇ 117-ਸ਼ੁਤਰਾਣਾ ਵਿਖੇ ਸਵੇਰੇ 9 ਵਜੇ ਤੱਕ 12 ਫ਼ੀਸਦੀ ਵੋਟਿੰਗ ਹੋਈ।