ਸੁਨਾਮ : ਸੁਨਾਮ ਵਿਖੇ ਵੀਰਵਾਰ ਨੂੰ ਸਵੇਰੇ ਕਰੀਬ ਦੋ ਘੰਟੇ ਲਗਾਤਾਰ ਪਏ ਜ਼ੋਰਦਾਰ ਮੀਂਹ ਕਾਰਨ ਸ਼ਹਿਰ ਦੇ ਵਾਰਡ ਨੰਬਰ 15 ਵਿੱਚ ਸਥਿਤ ਡੀਏਵੀ ਸਕੂਲ ਦੇ ਨਜ਼ਦੀਕ ਇੱਕ ਗ਼ਰੀਬ ਮਜ਼ਦੂਰ ਪਰਿਵਾਰ ਦੇ ਘਰ ਦੀ ਛੱਤ ਡਿੱਗ ਗਈ ਜਿਸ ਵਿੱਚ 75 ਸਾਲ ਦੀ ਬਜ਼ੁਰਗ ਮਾਤਾ ਪ੍ਰਧਾਨ ਕੌਰ ਦੇ ਸੱਟਾਂ ਲੱਗੀਆਂ। ਜ਼ਖ਼ਮੀ ਬਜ਼ੁਰਗ ਮਾਤਾ ਨੂੰ ਜੇਰੇ ਇਲਾਜ਼ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਾਰਡ ਕੌਂਸਲਰ ਰਾਜਿੰਦਰ ਕੌਰ ਦੇ ਪਤੀ ਪ੍ਰਿਤਪਾਲ ਸਿੰਘ ਕਾਲਾ ਨੇ ਦੱਸਿਆ ਕਿ ਅੱਜ ਸਵੇਰ ਤੋਂ ਪੈ ਰਹੇ ਲਗਾਤਾਰ ਮੀਂਹ ਕਾਰਨ ਅਜੈਬ ਸਿੰਘ ਨਾਮੀਂ ਮਜ਼ਦੂਰ ਪਰਿਵਾਰ ਦੇ ਘਰ ਦੀ ਛੱਤ ਡਿੱਗ ਪਈ ਜਿਸ ਵਿੱਚ ਉਸਦੀ ਬਜ਼ੁਰਗ ਮਾਤਾ ਪ੍ਰਧਾਨ ਕੌਰ ਦੇ ਸੱਟਾਂ ਲੱਗੀਆਂ। ਘਟਨਾ ਵਾਪਰਨ ਤੋਂ ਬਾਅਦ ਗੁਆਂਢੀਆਂ ਨੇ ਬਜ਼ੁਰਗ ਮਾਤਾ ਨੂੰ ਬਾਹਰ ਕੱਢਿਆ ਅਤੇ ਸ਼ਹੀਦ ਊਧਮ ਸਿੰਘ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਦਿਹਾੜੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਹੈ। ਵਾਰਡ ਕੌਂਸਲਰ ਰਾਜਿੰਦਰ ਕੌਰ ਅਤੇ ਪ੍ਰਿਤਪਾਲ ਸਿੰਘ ਕਾਲਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬਰਸਾਤ ਕਾਰਨ ਘਰ ਦੀ ਛੱਤ ਡਿੱਗਣ ਕਾਰਨ ਪਰਿਵਾਰ ਘਰੋਂ ਬੇਘਰ ਹੋ ਗਿਆ ਹੈ, ਮਜ਼ਦੂਰ ਪਰਿਵਾਰ ਨੂੰ ਘਰ ਬਣਾਉਣ ਲਈ ਮਾਲੀ ਸਹਾਇਤਾ ਦਿੱਤੀ ਜਾਵੇ ਅਤੇ ਜ਼ਖ਼ਮੀ ਬਜ਼ੁਰਗ ਮਾਤਾ ਦਾ ਇਲਾਜ ਪ੍ਰਸ਼ਾਸਨ ਵੱਲੋਂ ਕਰਵਾਇਆ ਜਾਵੇ।